ਅਮਰੀਕਾ ਦੇ ਸੂਬੇ ‘ਚ 7 ਮਹੀਨਿਆਂ ਤੋਂ ਚੱਲ ਰਹੀ ਹੈ, ਨਰਸਾਂ ਦੀ ਹੜਤਾਲ

0
357

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਵਿੱਚ ਨਰਸਾਂ ਦੁਆਰਾ ਆਪਣੀਆਂ ਮੰਗਾਂ ਕੀਤੀ ਗਈ ਹੜਤਾਲ 7 ਮਹੀਨੇ ਪੂਰੇ ਕਰ ਗਈ ਹੈ।ਵਰਸੇਸਟਰ, ਮੈਸੇਚਿਉਸੇਟਸ ਦੇ ਸੇਂਟ ਵਿਨਸੇਂਟ ਹਸਪਤਾਲ ਵਿੱਚ ਨਰਸਿੰਗ ਹੜਤਾਲ ਨੇ ਸ਼ੁੱਕਰਵਾਰ ਨੂੰ ਆਪਣਾ ਸੱਤਵਾਂ ਮਹੀਨਾ ਮਨਾਇਆ, ਜਦਕਿ ਯੂਨੀਅਨ ਅਤੇ ਹਸਪਤਾਲ ਦੇ ਅਧਿਕਾਰੀਆਂ ਦਰਮਿਆਨ ਗੱਲਬਾਤ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਇਸ ਹਸਪਤਾਲ ਦੀਆਂ 700 ਤੋਂ ਵੱਧ ਨਰਸਾਂ ਨੇ 8 ਮਾਰਚ ਨੂੰ ਮਹਾਂਮਾਰੀ ਕਾਰਨ ਪੈਦਾ ਹੋਏ ਸਟਾਫ ਦੇ ਗੰਭੀਰ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਹੜਤਾਲ ਸ਼ੁਰੂ ਕੀਤੀ ਸੀ, ਪਰ ਮਹੀਨਿਆਂ ਦੀ ਗੱਲਬਾਤ ਦੇ ਬਾਵਜੂਦ, ਮੈਸੇਚਿਉਸੇਟਸ ਨਰਸ ਐਸੋਸੀਏਸ਼ਨ ਦੀ ਪ੍ਰਤੀਨਿਧਤਾ ਕਰ ਰਹੇ ਕਾਮਿਆਂ ਨੇ ਕਿਹਾ ਕਿ ਡੈਲਾਸ ਅਧਾਰਤ ਟੇਨੇਟ ਹੈਲਥਕੇਅਰ ਦੀ ਮਲਕੀਅਤ ਵਾਲਾ ਇਹ ਹਸਪਤਾਲ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰੇਗਾ। ਨਰਸਾਂ ਦੀ ਇਸ ਹੜਤਾਲ ਨੇ ਹੁਣ ਸਟੇਟ ਦੇ ਇਤਿਹਾਸ ਵਿੱਚ ਸਭ ਤੋਂ ਲੰਮੀ ਨਰਸਾਂ ਦੀ ਹੜਤਾਲ ਦਾ ਰਿਕਾਰਡ ਕਾਇਮ ਕੀਤਾ ਹੈ। ਨਰਸਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਮਰੀਜ਼ਾਂ ਦੀ ਸੰਭਾਲ ਲਈ ਸਟਾਫ ਦੀ ਘਾਟ ਸੀ, ਜਿਸ ਕਾਰਨ ਉਨ੍ਹਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਦੇਖਭਾਲ ਦੀ ਗੁਣਵੱਤਾ ਵਿੱਚ ਕਮੀ ਆਈ। ਕਰਮਚਾਰੀਆਂ ਦੀਆਂ ਮੁਸ਼ਕਲਾਂ ਮਹਾਂਮਾਰੀ ਤੋਂ ਪਹਿਲਾਂ ਸ਼ੁਰੂ ਹੋਈਆਂ ਸਨ ਅਤੇ ਯੂਨੀਅਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਹੜਤਾਲ ਕਰਨ ਲਈ ਵੋਟ ਪਾਉਣ ਤੋਂ ਪਹਿਲਾਂ 18 ਮਹੀਨਿਆਂ ਤੋਂ ਵੱਧ ਸਮੇਂ ਤੋਂ ਹਸਪਤਾਲ ਨਾਲ ਗੱਲਬਾਤ ਕਰ ਰਹੇ ਸਨ। ਮੈਸੇਚਿਉਸੇਟਸ ਨਰਸ ਐਸੋਸੀਏਸ਼ਨ ਅਨੁਸਾਰ ਨਰਸਾਂ ਬਹੁਤ ਜਿਆਦਾ ਕੰਮ ਕਰ ਰਹੀਆਂ ਸਨ ਅਤੇ ਉਨ੍ਹਾਂ ਨੂੰ ਢੁੱਕਵੇਂ ਨਿੱਜੀ ਸੁਰੱਖਿਆ ਉਪਕਰਣ (ਪੀ ਪੀ ਈ) ਵੀ ਨਹੀਂ ਮਿਲੇ ਸਨ । ਇਹਨਾਂ ਨਰਸਾਂ ਦੀ ਹੜਤਾਲ ਫਿਲਹਾਲ ਜਾਰੀ ਹੈ ਅਤੇ ਹਸਪਤਾਲ ਪ੍ਰਸ਼ਾਸਨ ਤੋਂ ਮੰਗਾਂ ਮੰਨਣ ਤੱਕ ਜਾਰੀ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here