ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਅਮਰੀਕਾ ਨੇ ਫਾਈਜ਼ਰ ਕੰਪਨੀ ਦੇ ਕੋਰੋਨਾ ਟੀਕਿਆਂ ਦੀਆਂ ਲੱਖਾਂ ਖੁਰਾਕਾਂ ਭੇਜ ਕੇ ਪਾਕਿਸਤਾਨ ਦੀ ਸਹਾਇਤਾ ਕੀਤੀ ਗਈ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟਾਂ ਅਨੁਸਾਰ ਅਮਰੀਕਾ ਦੁਆਰਾ ਕੋਵੈਕਸ ਪ੍ਰੋਗਰਾਮ ਰਾਹੀਂ ਫਾਈਜ਼ਰ ਕੋਵਿਡ -19 ਟੀਕੇ ਦੀਆਂ ਤਕਰੀਬਨ 9.6 ਮਿਲੀਅਨ ਖੁਰਾਕਾਂ ਪਾਕਿਸਤਾਨ ਨੂੰ ਭੇਜੀਆਂ ਜਾ ਰਹੀਆਂ ਹਨ। ਇਸਲਾਮਾਬਾਦ ਵਿੱਚ ਸਥਿਤ ਅਮਰੀਕੀ ਅੰਬੈਸੀ ਅਨੁਸਾਰ ਇਸ ਨਵੀਂ ਸਹਾਇਤਾ ਨਾਲ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਹੁਣ ਤੱਕ ਦਿੱਤੀਆਂ ਕੋਵਿਡ -19 ਟੀਕੇ ਦੀਆਂ ਕੁੱਲ ਖੁਰਾਕਾਂ ਦੀ ਗਿਣਤੀ 25 ਮਿਲੀਅਨ ਤੋਂ ਵਧ ਗਈ ਹੈ। ਪਾਕਿਸਤਾਨ ਵਿੱਚ ਇਸ ਸਮੇਂ ਕੋਵਿਡ -19 ਦੀ ਲਾਗ ਘੱਟ ਰਹੀ ਹੈ। ਅੰਕੜਿਆਂ ਅਨੁਸਾਰ ਪਾਕਿਸਤਾਨ ‘ਚ ਔਸਤਨ ਰੋਜ਼ਾਨਾ ਦੇ 1,000 ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਹਫਤੇ, ਪਾਕਿਸਤਾਨ ਸਰਕਾਰ ਨੇ ਜਨਤਕ ਆਵਾਜਾਈ, ਸਿੱਖਿਆ ਗਤੀਵਿਧੀਆਂ ਅਤੇ ਕਾਰੋਬਾਰਾਂ ‘ਤੇ ਪਾਬੰਦੀਆਂ ਨੂੰ ਵੀ ਸੌਖਾ ਕਰ ਦਿੱਤਾ ਸੀ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਪਾਕਿਸਤਾਨ ਵਿੱਚ ਹੁਣ ਤੱਕ ਕੋਰੋਨਾ ਲਾਗ ਦੇ 1,262,771 ਪੁਸ਼ਟੀ ਕੀਤੇ ਕੇਸ ਅਤੇ 28,228 ਕੋਵਿਡ -19 ਨਾਲ ਸਬੰਧਤ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ।
Boota Singh Basi
President & Chief Editor