ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ) -ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਅਜੇ ਵੀ ਬਰਕਰਾਰ ਹੈ, ਜਿਸ ਕਾਰਨ ਲੋਕ ਆਪਣੀਆਂ ਜਾਨਾਂ ਗਵਾ ਰਹੇ ਹਨ । ਇਸੇ ਪ੍ਰਕੋਪ ਦੇ ਚਲਦਿਆਂ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਫੋਰ ਸਟਾਰ ਜਨਰਲ ਕੋਲਿਨ ਪਾਵੇਲ ਦੀ ਸੋਮਵਾਰ ਨੂੰ ਕੋਵਿਡ-19 ਦੀਆਂ ਪੇਚੀਦਗੀਆਂ ਕਾਰਨ 84 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਕੋਲਿਨ ਪਾਵੇਲ ਵਾਲਟਰ ਰੀਡ ਨੈਸ਼ਨਲ ਮੈਡੀਕਲ ਸੈਂਟਰ ਵਿੱਚ ਇਲਾਜ ਕਰਵਾ ਰਹੇ ਸਨ। ਕੋਲਿਨ ਪਾਵੇਲ, ਜੋ ਅਮਰੀਕਾ ਦੇ ਵਿਦੇਸ਼ ਮੰਤਰੀ ਵਜੋਂ ਸੇਵਾ ਕਰਨ ਵਾਲੇ ਪਹਿਲੇ ਗੈਰ ਗੋਰੇ ਵਿਅਕਤੀ ਸਨ, ਦੀ ਮੌਤ ਬਾਰੇ ਉਹਨਾਂ ਦੇ ਪਰਿਵਾਰ ਨੇ ਸੋਮਵਾਰ ਨੂੰ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ,‘‘ਅਸੀਂ ਇੱਕ ਸ਼ਾਨਦਾਰ ਸ਼ਖਸੀਅਤ ਅਤੇ ਪਿਆਰ ਕਰਨ ਵਾਲੇ ਪਤੀ, ਪਿਤਾ, ਦਾਦਾ ਅਤੇ ਇੱਕ ਮਹਾਨ ਅਮਰੀਕੀ ਨੂੰ ਗੁਆ ਦਿੱਤਾ ਹੈ।’’ ਪਰਿਵਾਰ ਅਨੁਸਾਰ ਕੋਲਿਨ ਨੂੰ ਕੋਵਿਡ -19 ਦੇ ਵਿਰੁੱਧ ਟੀਕਾ ਲਗਾਇਆ ਗਿਆ ਸੀ, ਪਰ ਆਖਰਕਾਰ ਕੋਰੋਨਾ ਦੀਆਂ ਪੇਚੀਦਗੀਆਂ ਨੇ ਉਹਨਾਂ ਦੀ ਜਾਨ ਲੈ ਲਈ।ਉਹਨਾਂ ਦੇ ਪਰਿਵਾਰ ਨੇ ਵਾਲਟਰ ਰੀਡ ਨੈਸ਼ਨਲ ਮੈਡੀਕਲ ਸੈਂਟਰ ਦੇ ਮੈਡੀਕਲ ਸਟਾਫ ਦਾ ਕੋਲਿਨ ਦੀ ਦੇਖਭਾਲ ਅਤੇ ਇਲਾਜ ਲਈ ਧੰਨਵਾਦ ਕੀਤਾ।
Boota Singh Basi
President & Chief Editor