ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) -ਅਮਰੀਕਾ ਦੇ ਨਿਊ ਹੈਂਪਸ਼ਾਇਰ ਦੇ 5 ਸਾਲਾ ਲਾਪਤਾ ਹੋਏ ਲੜਕੇ ਦੀ ਇੱਕ ਹਫਤੇ ਤੋਂ ਵੱਧ ਸਮੇਂ ਤੱਕ ਖੋਜ ਕਰਨ ਤੋਂ ਬਾਅਦ, ਅਧਿਕਾਰੀਆਂ ਨੇ ਜੰਗਲ ਵਿੱਚ ਦੱਬੀ ਹੋਈ ਇਕ ਲਾਸ਼ ਬਰਾਮਦ ਕੀਤੀ ਹੈ , ਜੋ ਕਿ ਸੰਭਾਵਿਤ ਤੌਰ ‘ਤੇ ਇਸੇ ਲਾਪਤਾ ਹੋਏ ਲੜਕੇ ਦੀ ਮੰਨੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਲਾਸ਼ ਉਸ ਦੇ ਜੱਦੀ ਸ਼ਹਿਰ ਤੋਂ 70 ਮੀਲ ਦੂਰ, ਮੈਸੇਚਿਉਸੇਟਸ ਵਿੱਚ ਇੱਕ ਜੰਗਲੀ ਖੇਤਰ ਵਿੱਚ ਦੱਬੀ ਹੋਈ ਮਿਲੀ ਹੈ। ਇਹ ਲਾਪਤਾ ਹੋਇਆ ਲੜਕਾ ਜਿਸਦਾ ਨਾਮ ਏਲੀਯਾਹ ਲੁਈਸ ਹੈ, ਨੂੰ ਆਖਰੀ ਵਾਰ ਸਤੰਬਰ ਵਿੱਚ ਨਿਊ ਹੈਂਪਸ਼ਾਇਰ ਦੇ ਮੈਰੀਮੈਕ ਵਿੱਚ ਉਸ ਦੇ ਘਰ ਵੇਖਿਆ ਗਿਆ ਸੀ। ਇੱਕ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਇਸ ਹਫਤੇ ਦੇ ਅਖੀਰ ਵਿੱਚ ਬੋਸਟਨ ਦੇ ਦੱਖਣ ਵਿੱਚ ਐਬਿੰਗਟਨ ਵਿੱਚ ਇੱਕ ਜੰਗਲੀ ਖੇਤਰ ਵਿੱਚ ਜਾਂਚ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਸ਼ਨੀਵਾਰ ਦੀ ਸਵੇਰ ਸਟੇਟ ਪੁਲਿਸ ਨੇ ਖੋਜੀ ਕੁੱਤੇ ਦੀ ਮੱਦਦ ਨਾਲ ਇਸ ਲਾਸ਼ ਨੂੰ ਲੱਭਿਆ। ਇਸ ਮੌਤ ਦੇ ਤਰੀਕੇ ਅਤੇ ਕਾਰਨ ਦਾ ਪਤਾ ਲਗਾਉਣ ਅਤੇ ਅਧਿਕਾਰਤ ਤੌਰ ‘ਤੇ ਲਾਸ਼ ਦੀ ਪਛਾਣ ਕਰਨ ਲਈ ਮੈਸੇਚਿਉਸੇਟਸ ਦੇ ਮੁੱਖ ਮੈਡੀਕਲ ਜਾਂਚਕਰਤਾ ਦੁਆਰਾ ਪੋਸਟਮਾਰਟਮ ਕਰਵਾਇਆ ਜਾਵੇਗਾ, ਹਾਲਾਂਕਿ ਅਵਸ਼ੇਸ਼ਾਂ ਦੀ ਦਿੱਖ ਅਤੇ ਸਥਿਤੀ ਨੇ ਅਧਿਕਾਰੀਆਂ ਨੂੰ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ ਕਿ ਇਹ ਏਲੀਯਾਹ ਦੀ ਹੀ ਲਾਸ਼ ਹੈ। ਪੁਲਿਸ ਅਨੁਸਾਰ ਇਸ ਮੌਤ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੇ ਨਤੀਜਿਆਂ ਦੇ ਆਧਾਰ ‘ਤੇ ਦੋਸ਼ ਲਾਏ ਜਾ ਸਕਦੇ ਹਨ। ਇਸ ਬੱਚੇ ਦੇ ਲਾਪਤਾ ਹੋਣ ਦੇ ਸਬੰਧ ਵਿੱਚ ਹੁਣ ਤੱਕ ਦੋ ਲੋਕਾਂ ਏਲੀਯਾਹ ਦੀ ਮਾਂ, ਡੇਨੀਏਲ ਡੌਫਿਨਿਸ (35) ਅਤੇ ਉਸਦੇ ਦੋਸਤ, ਜੋਸੇਫ ਸਟੈਫ(30) ਨੂੰ ਪਹਿਲਾਂ ਹੀ ਚਾਰਜ ਕੀਤਾ ਜਾ ਚੁੱਕਾ ਹੈ।
Boota Singh Basi
President & Chief Editor