ਅਮਰੀਕਾ ਵਿਚ ਸਮੁੰਦਰੀ ਤੂਫਾਨ ਆਪਣੇ ਪਿੱਛੇ ਛੱਡ ਗਿਆ ਤਬਾਹੀ ਦਾ ਮੰਜਰ, ਫਲੋਰਿਡਾ ਵਿਚ 76 ਮੌਤਾਂ

0
419

ਸੈਕਰਾਮੈਂਟੋ 3 ਅਕਤੂਬਰ (ਹੁਸਨ ਲੜੋਆ ਬੰਗਾ)- ਈਆਨ ਸਮੁੰਦਰੀ ਤੂਫਾਨ ਆਪਣੇ ਪਿਛੇ ਤਬਾਹੀ ਛੱਡ ਗਿਆ ਹੈ। ਫਲੋਰਿਡਾ ਸਮੇਤ ਸਮੁੰਦਰੀ ਤੂਫਾਨ ਨਾਲ ਪ੍ਰਭਾਵਿਤ ਹੋਰ ਖੇਤਰਾਂ ਵਿਚ ਜਿਧਰ ਵੀ ਨਜਰ ਮਾਰੋ, ਤਬਾਹ ਹੋਏ ਮਕਾਨ, ਤਬਾਹ ਹੋਏ ਕਾਰੋਬਾਰੀ ਅਦਾਰੇ ਤੇ ਟੁੱਟੇ ਭੱਜੇ ਸਮਾਨ ਤੋਂ ਇਲਾਵਾ ਹੋਰ ਕੁਝ ਨਜਰ ਨਹੀਂ ਆਉਂਦਾ। ਬੇਘਰੇ ਹੋਏ ਲੋਕ ਆਪਣੀ ਜਿੰਦਗੀ ਮੁੜ ਸ਼ੁਰੂ ਕਰਨ ਲਈ ਜਦੋਜਹਿਦ ਕਰ ਰਹੇ ਹਨ। ਫਲੋਰਿਡਾ ਵਿਚ ਹੁਣ ਤੱਕ 76 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਉੱਤਰੀ ਕਾਰੋਲੀਨਾ ਵਿਚ 4 ਲੋਕਾਂ ਦੀ ਮੌਤ ਹੋਈ ਹੈ। ਫਿਜ਼ੀਸੀਅਨ ਡਾ ਬੇਨ ਅਬੋ ਜੋ ਬਚਾਅ ਮਿਸ਼ਨ ਵਿਚ ਸ਼ਾਮਿਲ ਹਨ, ਨੇ ਕਿਹਾ ਹੈ ਕਿ ਪਾਈਨ ਟਾਪੂ ‘ਤੇ ਕੁਝ ਲੋਕ ਆਪਣਾ ਸਭ ਕੁਝ ਗਵਾ ਚੁੱਕੇ ਹਨ ਪਰੰਤੂ ਉਹ ਉਨਾਂ ਦੀ ਮਦਦ ਲਈ ਹਰ ਸੰੰਭਵ ਯਤਨ ਕਰ ਰਹੇ ਹਨ। ਉਨਾਂ ਕਿਹਾ ਹੈ ਕਿ ਸਮੁੰਦਰੀ ਤੂਫਾਨ ਸੈਨੀਬੈਲ ਟਾਪੂ  ਨੂੰ ਫਲੋਰਿਡਾ ਨਾਲ ਜੋੜਦੀ ਇਕੋ ਇਕ ਸੜਕ ਨੂੰ ਆਪਣੇ ਨਾਲ ਵਹਾਅ ਕੇ ਲੈ ਗਿਆ ਹੈ ਜਿਸ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਿਲ ਆ ਰਹੀ ਹੈ। ਇਸੇ ਦੌਰਾਨ ਗਵਰਨਰ ਰੌਨ ਡੇਸੇਨਟਿਸ ਦੇ ਦਫਤਰ ਨੇ ਕਿਹਾ ਹੈ ਕਿ ਦੱਖਣ-ਪੱਛਮੀ ਤੇ ਕੇਂਦਰੀ ਫਲੋਰਿਡਾ ਵਿਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਇਕੱਲੀ ਲੀ ਕਾਊਂਟੀ ਵਿਚੋਂ 800 ਤੋਂ ਵਧ ਲੋਕਾਂ ਨੂੰ ਬਚਾਇਆ ਗਿਆ ਹੈ। ਬਚ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਦ ਕਿ ਰਾਹਤ ਟੀਮਾਂ ਨੂੰ ਹੋਰ ਲਾਸ਼ਾਂ ਮਿਲੀਆਂ ਹਨ। ਫਲੋਰਿਡਾ ਵਿਚ ਤਕਰੀਬਨ 7 ਲੱਖ ਘਰਾਂ, ਕਾਰੋਬਾਰੀ ਅਦਾਰਿਆਂ ਤੇ ਹੋਰ ਖਪਤਕਾਰਾਂ ਦੀ ਬਿਜਲੀ ਬਹਾਲੀ ਲਈ ਯਤਨ ਕੀਤੇ ਜਾ ਰਹੇ ਹਨ। ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ  ਨਹੀਂ ਮਿਲ ਰਿਹਾ।

 

LEAVE A REPLY

Please enter your comment!
Please enter your name here