ਅਮਰੀਕਾ ਵਿੱਚ ਗੰਢਿਆਂ ਕਾਰਨ ਸੈਂਕੜੇ ਲੋਕ ਹੋਏ ਬਿਮਾਰ

0
464

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) -ਅਮਰੀਕਾ ਵਿੱਚ ਲੋਕ ਅਜੇ ਕੋਰੋਨਾ ਦੇ ਪ੍ਰਕੋਪ ਨਾਲ ਜੱਦੋਜਹਿਦ ਕਰ ਰਹੇ ਹਨ ਅਤੇ ਇਸੇ ਦੌਰਾਨ ਹੀ ਰੋਜਮਰਾ ਦੀ ਜਿੰਦਗੀ ਵਿੱਚ ਵਰਤੇ ਜਾਣ ਵਾਲੇ ਗੰਢੇ (ਪਿਆਜ) ਵੀ ਸੈਂਕੜੇ ਅਮਰੀਕੀ ਲੋਕਾਂ ਨੂੰ ਬਿਮਾਰ ਕਰ ਰਹੇ ਹਨ। ਇਸ ਸਬੰਧੀ ਅਮਰੀਕਾ ਦੇ ਤਕਰੀਬਨ 37 ਸੂਬਿਆਂ ਵਿੱਚ ਗੰਢਿਆਂ ਕਾਰਨ ਸਾਲਮੋਨੇਲਾ ਬੈਕਟੀਰੀਆ ਦੇ ਨਾਲ 650 ਤੋਂ ਜਿਆਦਾ ਲੋਕ ਬੀਮਾਰ ਹੋਏ ਹਨ। ਅਮਰੀਕੀ ਏਜੰਸੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਅਨੁਸਾਰ ਇਸ ਵਜ੍ਹਾ ਕਾਰਨ ਫਿਲਹਾਲ ਕਰੀਬ 129 ਲੋਕ ਹਸਪਤਾਲ ਵਿੱਚ ਭਰਤੀ ਹਨ ਅਤੇ ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ। ਅਗਸਤ ਅਤੇ ਸਤੰਬਰ ਦੇ ਮਹੀਨੇ ਵਿਚ ਇਸ ਬੀਮਾਰੀ ਦੇ ਵਧਣ ਦੀ ਸੂਚਨਾ ਮਿਲੀ ਸੀ ਅਤੇ ਇਸ ਦੇ ਬਾਅਦ ਜਿਆਦਾ ਮਾਮਲੇ ਟੈਕਸਾਸ ਅਤੇ ਓਕਲਾਹੋਮਾ ਵਿੱਚ ਦਰਜ ਕੀਤੇ ਗਏ ਸਨ। ਸੀ.ਡੀ.ਸੀ. ਅਨੁਸਾਰ ਬਿਮਾਰ ਲੋਕਾਂ ਨੂੰ ਪੁੱਛਣ ‘ਤੇ ਪਤਾ ਲੱਗਾ ਹੈ ਕਿ 75 ਫ਼ੀਸਦੀ ਲੋਕਾਂ ਨੇ ਬੀਮਾਰ ਹੋਣ ਤੋਂ ਪਹਿਲਾਂ ਕੱਚਾ ਗੰਢਾ ਜਾਂ ਕੱਚੇ ਗੰਢਿਆਂ ਵਾਲੇ ਪਕਵਾਨ ਖਾਧੇ ਸਨ। ਰਿਪੋਰਟਾਂ ਅਨੁਸਾਰ ਗੰਢਿਆਂ ਨੂੰ ਪ੍ਰੋਸੋਰਸ ਨਾਮ ਦੀ ਕੰਪਨੀ ਨੇ ਪੂਰੇ ਅਮਰੀਕਾ ਵਿਚ ਵੰਡਿਆ ਹੈ ਅਤੇ ਕੰਪਨੀ ਨੇ ਸਿਹਤ ਅਧਿਕਾਰੀਆਂ ਨੂੰ ਦੱਸਿਆ ਕਿ ਗੰਢਿਆਂ ਦਾ ਆਯਾਤ ਆਖ਼ਰੀ ਵਾਰ ਅਗਸਤ ਦੇ ਆਖ਼ੀਰ ਵਿਚ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ ਸੀ.ਡੀ.ਸੀ. ਵੱਲੋਂ ਅਮਰੀਕਾ ਵਿਚ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਲਾਲ, ਚਿੱਟੇ ਜਾਂ ਪੀਲੇ ਗੰਢਿਆਂ ਨੂੰ ਨਾ ਖਰੀਦਣ ਅਤੇ ਨਾ ਹੀ ਖਾਣ ਅਤੇ ਬਿਨਾਂ ਸਟਿਕਰ ਜਾਂ ਪੈਕੇਟ ਵਾਲੇ ਲਾਲ, ਚਿੱਟੇ ਜਾਂ ਪੀਲੇ ਗੰਢੇ ਤੁਰੰਤ ਸੁੱਟ ਦੇਣ। ਸਾਲਮੋਨੇਲਾ ਦੇ ਲੱਛਣਾਂ ਵਿੱਚ ਡਾਇਰੀਆ, ਬੁਖ਼ਾਰ ਅਤੇ ਢਿੱਡ ਵਿਚ ਖਿੱਚ ਵਰਗੀਆਂ ਤਕਲੀਫ਼ਾਂ ਸ਼ਾਮਲ ਹਨ, ਜੋ ਆਮ ਤੌਰ ‘ਤੇ ਦੂਸ਼ਿਤ ਭੋਜਨ ਜ਼ਰੀਏ ਸੰਕ੍ਰਮਿਤ ਹੋਣ ਦੇ 6 ਘੰਟੇ ਤੋਂ ਲੈ ਕੇ 6 ਦਿਨ ਬਾਅਦ ਦਿਖਾਈ ਦੇ ਸਕਦੇ ਹਨ। ਕੁੱਝ ਮਾਮਲਿਆਂ ਵਿਚ ਉਲਟੀ, ਜੀ ਮਚਲਨਾ ਅਤੇ ਸਿਰ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਇਸ ਦੇ ਇਲਾਵਾ ਕੁੱਝ ਮਾਮਲਿਆਂ ਵਿੱਚ ਇਸ ਨਾਲ ਟਾਈਫਾਈਡ ਬੁਖਾਰ ਜਾਂ ਪੈਰਾਟਾਈਫਾਈਡ ਬੁਖਾਰ ਵੀ ਹੋ ਸਕਦਾ ਹੈ। ਇਸ ਲਈ ਪ੍ਰਸ਼ਾਸਨ ਤੇ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here