ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕਾ ਵਿੱਚ ਪੰਜਾਬੀ ਮੂਲ ਖਾਸਕਰ ਸਿੱਖ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਮਾਣਮੱਤੇ ਅਹੁਦੇ ਪ੍ਰਾਪਤ ਕੀਤੇ ਹਨ । ਜਿਸ ਦੀ ਲੜੀ ਤਹਿਤ ਇੱਕ ਸਿੱਖ ਨੌਜਵਾਨ ਨੇ ਸਿਟੀ ਕੌਂਸਲ ਮੈਂਬਰ ਬਣਕੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਹ ਸਨਮਾਨ ਅਮਰੀਕੀ ਸਟੇਟ ਕਨੈਕਟੀਕਟ ਦੇ ਸ਼ਹਿਰ ਨੌਰਵਿਚ ਦੇ ਪੰਜਾਬੀ ਸਿੱਖ ਡੈਮੋਕਰੇਟ ਸਵਰਨਜੀਤ ਸਿੰਘ ਖਾਲਸਾ ਨੂੰ ਪ੍ਰਾਪਤ ਹੋਇਆ ਹੈ। ਪੰਜਾਬ ਦੇ ਜਲੰਧਰ ਨਾਲ ਸਬੰਧ ਰੱਖਣ ਵਾਲੇ ਸਵਰਨਜੀਤ ਸਿੰਘ ਕਨੈਕਟੀਕਟ ਰਾਜ ਦੀ ਸਿਟੀ ਕੌਂਸਲ ਲਈ ਚੁਣੇ ਗਏ ਪਹਿਲੇ ਸਿੱਖ ਵਿਅਕਤੀ ਬਣੇ ਹਨ। ਆਪਣੀ ਇਸ ਉਪਲੱਬਧੀ ‘ਤੇ ਬੋਲਦਿਆਂ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਸ ਨੂੰ ਭਾਰਤੀ ਪਰਿਵਾਰਾਂ, ਹੈਤੀਆਈ ਭਾਈਚਾਰੇ ਅਤੇ ਹੋਰਾਂ ਤੋਂ ਬਹੁਤ ਸਮਰਥਨ ਮਿਲਿਆ। ਬੁੱਧਵਾਰ ਨੂੰ ਨਵੇਂ ਚੁਣੇ ਗਏ ਸਿਟੀ ਕੌਂਸਲ ਮੈਂਬਰ ਨੂੰ ਲੈਫਟੀਨੈਂਟ ਗਵਰਨਰ ਸੂਜ਼ਨ ਬਾਈਸੀਵਿਜ਼ ਵੱਲੋਂ ਵੀ ਇੱਕ ਵਧਾਈ ਸ਼ੰਦੇਸ ਦੇ ਨਾਲ ਮੁਬਾਰਕਬਾਦ ਦਿੱਤੀ ਗਈ। ਸਿੱਖ ਕੁਲੀਸ਼ਨ ਐਡਵੋਕੇਸੀ ਗਰੁੱਪ ਦੇ ਅਨੁਸਾਰ, ਤਕਰੀਬਨ 500,000 ਦੇ ਕਰੀਬ ਸਿੱਖ ਅਮਰੀਕਾ ਵਿੱਚ ਰਹਿੰਦੇ ਹਨ ਅਤੇ ਸਵਰਨਜੀਤ ਸਿੰਘ ਦੇ ਅਨੁਮਾਨ ਅਨੁਸਾਰ ਨੌਰਵਿਚ ਵਿੱਚ ਕੁੱਲ ਮਿਲਾ ਕੇ ਲਗਭਗ 10 ਸਿੱਖ ਪਰਿਵਾਰ ਹਨ ਪਰ ਉਸਦੀ ਉਮੀਦਵਾਰੀ ਪੂਰੇ ਸ਼ਹਿਰ ਦੀ ਵਿਭਿੰਨਤਾ ‘ਚ ਏਕਤਾ ਨੂੰ ਦਰਸਾਉਂਦੀ ਹੈ।
Boota Singh Basi
President & Chief Editor