ਵਸ਼ਿਗਟਨ ਡੀ ਸੀ ( ਪ੍ਰੈਸ ਬਿਊਰੋ) -ਪਿਛਲੇ ਕੁਝ ਸਾਂਲਾ ਵਿੱਚ ਅਮਰੀਕਾ ਨਿਵਾਸੀ ਕੁਝ ਵਿਅਕਤੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਅਨਅਧਿਕਾਰਤ ਤੌਰ ਤੇ ਚੀਨ ਵਿੱਚ ਛਪਵਾਈ ਕਰਵਾ ਕੇ ਗੁਰੂ ਸਾਹਿਬ ਜੀ ਦੇ ਇਨ੍ਹਾਂ ਪਾਵਨ ਸਰੂਪਾਂ ਨੂੰ ਡਾਕ ਰਾਹੀ ਵੱਖ ਵੱਖ ਸ਼ਹਿਰਾਂ ਵਿੱਚ ਭੇਜਿਆ ਗਿਆ ਸੀ। ਇਸ ਹੋਈ ਘੋਰ ਬੇਅਦਬੀ ਦੀ ਜਾਂਚ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇਕ 9 ਮੈਂਬਰੀ ਪੜਤਾਲੀਆ ਸਬ-ਕਮੇਟੀ ਬਣਾਈ ਗਈ ਸੀ। ਇਸ 9 ਮੈਂਬਰੀ ਪੜਤਾਲ ਸਬ-ਕਮੇਟੀ ਦੇ ਸਮੂੰਹ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਆਪਣੀ ਜ਼ਿੰਮੇਵਾਰੀ ਨਿਭਾਉਦਿਆਂ ਹੋਇਆਂ ਇਹ ਪੜਤਾਲ ਲਗਭਗ ਚਾਰ ਮਹੀਨੇ ਵਿੱਚ ਪੂਰੀ ਕੀਤੀ। ਜਿੰਨਾ ਵਿਅਕਤੀਆਂ ਦੇ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਹੋਈ ਬੇਅਦਬੀ ਵਿੱਚ ਨਾਮ ਸ਼ਾਮਲ ਸਨ ਉਨ੍ਹਾਂ ਵਿਅਕਤੀਆਂ ਨਾਲ ਪਹਿਲੋਂ ਈਮੇਲ ਰਾਹੀ ਲਿਖਤੀ ਰੂਪ ਵਿੱਚ ਸਵਾਲਾਂ ਦੇ ਜਵਾਬ ਮੰਗੇ ਗਏ। ਬਾਅਦ ਵਿੱਚ ਇਹਨਾ ਨੂੰ ਸੱਦ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਪੁੱਛ ਗਿੱਛ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਵਿੱਚੋਂ ਬਹੁਤ ਸਾਰੇ ਜ਼ਿੰਮੇਵਾਰ ਲੋਕਾਂ ਦੇ ਬਿਆਨ ਲਿਖਤੀ ਅਤੇ ਵੀਡੀਓ ਰਿਕਾਰਡਿੰਗ ਰਾਹੀ ਦਰਜ ਵੀ ਕੀਤੇ ਗਏ। ਜਿਕਰਯੋਗ ਹੈ ਕਿ ਇਸ ਪੜਤਾਲ ਨੂੰ ਸਪਸ਼ਟ ਅਤੇ ਮਜ਼ਬੂਤ ਬਣਾਉਣ ਲਈ ਕੁਝ ਚਸ਼ਮਦੀਦ ਗਵਾਹਾਂ ਦੇ ਬਿਆਨ ਵੀ ਲਏ ਗਏ। ਸਾਰੇ ਪੜਤਾਲ ਕਮੇਟੀ ਮੈਂਬਰਾਂ ਵੱਲੋਂ ਸ੍ਰੀ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸ ਕਰਕੇ ਇਸ ਪੜਤਾਲ ਦੀ ਅਰੰਭਤਾ ਕੀਤੀ ਗਈ ਸੀ। ਜਿਸ ਦੀ 35 ਸਫਿਆ ਦੀ ਪੂਰੀ ਰਿਪੋਰਟ ਜੋ ਕਿ ਦਿਨ ਮੰਗਲਵਾਰ ਮਿਤੀ 6 ਸਤੰਬਰ 2022 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਹੁੰਚਦੀ ਕਰ ਦਿੱਤੀ ਗਈ ਹੈ।
Boota Singh Basi
President & Chief Editor