ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਮਰੀਕੀ ਅਧਿਕਾਰੀਆਂ ਦੇ ਇੱਕ ਵਫਦ ਨੇ ਕਤਰ ਵਿੱਚ ਤਾਲਿਬਾਨ ਦੇ ਸੀਨੀਅਰ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਅਫਗਾਨਿਸਤਾਨ ‘ਚ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਦੇ ਅਨੁਸਾਰ, ਇੱਕ ਅਮਰੀਕੀ ਅੰਤਰਰਾਸ਼ਟਰੀ ਵਫਦ ਅਫਗਾਨਿਸਤਾਨ ਵਿਚਲੇ ਅਮਰੀਕੀ ਨਾਗਰਿਕਾਂ, ਹੋਰ ਵਿਦੇਸ਼ੀ ਨਾਗਰਿਕਾਂ ਅਤੇ ਅਫਗਾਨ ਸਾਥੀਆਂ ਦੀ ਸੁਰੱਖਿਆ ਸਬੰਧੀ ਗੱਲਬਾਤ ਲਈ ਕਤਰ ਲਈ ਰਵਾਨਾ ਹੋਇਆ ਸੀ। ਪ੍ਰਾਈਸ ਦੇ ਅਨੁਸਾਰ ਇਸ ਗੱਲਬਾਤ ਵਿੱਚ ਅਫਗਾਨ ਸਮਾਜ ਵਿੱਚ ਔਰਤਾਂ ਅਤੇ ਲੜਕੀਆਂ ਦੀ ਭਾਗੀਦਾਰੀ ਸਮੇਤ ਮਨੁੱਖੀ ਅਧਿਕਾਰ ਵੀ ਅਹਿਮ ਮੁੱਦੇ ਸਨ। ਦੋਵਾਂ ਧਿਰਾਂ ਨੇ ਅਮਰੀਕਾ ਦੁਆਰਾ ਅਫਗਾਨ ਲੋਕਾਂ ਨੂੰ ਮਜ਼ਬੂਤ ਮਨੁੱਖਤਾਵਾਦੀ ਸਹਾਇਤਾ ਦੇ ਪ੍ਰਬੰਧ ਬਾਰੇ ਵੀ ਚਰਚਾ ਕੀਤੀ। ਤਾਲਿਬਾਨ ਦੇ ਨੁਮਾਇੰਦੇ 20 ਸਾਲਾਂ ਦੇ ਯੁੱਧ ਤੋਂ ਬਾਅਦ ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਅਗਸਤ ਵਿੱਚ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਮਾਨਤਾ ਅਤੇ ਸਹਾਇਤਾ ਦੀ ਮੰਗ ਕਰ ਰਹੇ ਹਨ।
Boota Singh Basi
President & Chief Editor