ਅਮਰੀਕੀ ਕਾਰੋਬਾਰਾਂ ਲਈ ਜਰੂਰੀ ਹੋਈ ਕੋਵਿਡ ਵੈਕਸੀਨ

0
285

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ) -ਅਮਰੀਕਾ ਵਿੱਚ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਚੱਲ ਰਹੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਤਹਿਤ ਅਮਰੀਕੀ ਸਰਕਾਰ ਨੇ ਉਨ੍ਹਾਂ ਕੰਪਨੀਆਂ ਦੇ ਕਰਮਚਾਰੀਆਂ ਲਈ ਅਗਲੇ ਸਾਲ 4 ਜਨਵਰੀ ਤੱਕ ਕੋਵਿਡ-19 ਟੀਕਾਕਰਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ, ਜਿਹਨਾਂ ਵਿੱਚ 100 ਜਾਂ ਇਸ ਤੋਂ ਜਿਆਦਾ ਕਰਮਚਾਰੀ ਕੰਮ ਕਰਦੇ ਹਨ। ਅਮਰੀਕੀ ਸਰਕਾਰ ਵੱਲੋਂ ਵੀਰਵਾਰ ਨੂੰ ਜਾਰੀ ਇਹਨਾਂ ਨਿਯਮਾਂ ਮੁਤਾਬਕ, ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਨਹੀਂ ਕਰਵਾਉਣ ਵਾਲੇ ਕਰਮਚਾਰੀਆਂ ਨੂੰ ਹਫਤੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਜਾਂਚ ਕਰਵਾਉਣੀ ਹੋਵੇਗੀ। ਇਹ ਨਵਾਂ ਨਿਯਮ ਮੱਧ ਅਤੇ ਵੱਡੇ ਕਾਰੋਬਾਰਾਂ ਦੇ ਕਰੀਬ 8.4 ਕਰੋੜ ਕਰਮਚਾਰੀਆਂ ’ਤੇ ਲਾਗੂ ਹੋਵੇਗਾ। ਇਸ ਸਬੰਧੀ ਪ੍ਰਸ਼ਾਸਨ ਅਨੁਸਾਰ ਮੈਡੀਕੇਅਰ ਅਤੇ ਮੈਡੀਕੇਡ ਸਰਕਾਰੀ ਹੈਲਥਕੇਅਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ, ਸਿਹਤ ਸੰਭਾਲ ਸਹੂਲਤਾਂ ਅਤੇ ਨਰਸਿੰਗ ਹੋਮਜ਼ ਵਿੱਚ ਲੱਖਾਂ ਕਾਮਿਆਂ ਨੂੰ ਉਸੇ ਮਿਤੀ ਤੱਕ ਆਪਣੇ ਸ਼ਾਟ ਲੈਣ ਦੀ ਲੋੜ ਹੋਵੇਗੀ। ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ( ਓ ਐੱਸ ਐੱਚ ਏ) ਕੰਪਨੀਆਂ ਨੂੰ ਇਹ ਹੁਕਮ ਦੇਵੇਗਾ ਕਿ ਬਿਨਾਂ ਟੀਕਾਕਰਨ ਵਾਲੇ ਕਰਮਚਾਰੀ ਹਫਤੇ ਵਿੱਚ ਘੱਟੋ-ਘੱਟ ਇੱਕ ਵਾਰ ਆਪਣੀ ਜਾਂਚ ਕਰਵਾਉਣ ਅਤੇ ਕੰਮ ’ਤੇ ਮਾਸਕ ਪਹਿਨਣ। ਇਸਦੇ ਵਿੱਚ ਕਰਮਚਾਰੀ ਸਿਹਤ ਜਾਂ ਧਰਮ ਦੇ ਆਧਾਰ ’ਤੇ ਛੋਟ ਮੰਗ ਸਕਣਗੇ। ਨਿਯਮ ਨੂੰ ਲਾਗੂ ਨਹੀਂ ਕਰਨ ਵਾਲੀ ਕੰਪਨੀ ’ਤੇ ਹਰ ਉਲੰਘਣਾ ਲਈ ਕਰੀਬ 14,000 ਡਾਲਰ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਨਵੀਂ ਜਰੂਰਤ ਨਾਲ ਬਾਈਡੇਨ ਪ੍ਰਸ਼ਾਸਨ ਨੇ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਇੱਕ ਹੋਰ ਕਦਮ ਪੁੱਟਿਆ ਹੈ, ਜਿਸ ਦੇ ਸਫਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here