ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲਾਇਆ ਪੱਕਾ ਮੋਰਚਾ

0
81
ਟੋਰਾਂਟੋ (ਕੈਨੇਡਾ),
ਅੱਜ ‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ ਅਤੇ ‘ਨੌਜਵਾਨ ਸਪੋਰਟ ਨੈੱਟਵਰਕ’ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬਰੈਪਟਨ ਸਥਿਤ ਅਲਗੋਮਾ ਯੂਨੀਵਰਸਿਟੀ ਵਿੱਚ ‘ਆਈ. ਟੀ. ਦੇ ਗਰੈਜੂਏਸ਼ਨ ਕੋਰਸ’ ਦੇ ਇੱਕ ਸੌ ਤੀਹ ਦੇ ਕਰੀਬ ਵਿਦਿਆਰਥੀਆਂ ਨੂੰ ਸਾਜਿਸ਼ੀ ਢੰਗ ਨਾਲ ਫੇਲ੍ਹ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਸਾਹਮਣੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ‘ਆਈ. ਟੀ. ਦੇ ਗਰੈਜੂਏਸ਼ਨ ਕੋਰਸ’ ਵਿੱਚ ਕੁੱਲ ਦਸ ਵਿਸ਼ੇ ਹਨ ਤੇ ਦੱਸ ਵਿੱਚੋਂ ਨੌਂ ਵਿਸ਼ਿਆਂ ਵਿੱਚੋਂ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਅਤੇ ‘ਤਕਨੀਕਸ ਆਫ ਸਿਸਟਮ ਐਨਾਲਿਸਟ’ ਦੇ ਪ੍ਰੈਕਟੀਕਲ ਵਿੱਚੋਂ ਵੀ ਚੰਗੇ ਅੰਕ ਹਾਸਲ ਕੀਤੇ ਹਨ ਪਰੰਤੂ ਇਸ ਵਿਸ਼ੇ ਦੇ ਥਿਊਰੀ ਵਾਲੇ ਪੇਪਰ ਵਿੱਚੋਂ ਸਾਜਿਸ਼ੀ ਢੰਗ ਨਾਲ ਜਾਣ ਬੁੱਝਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਫੇਲ੍ਹ ਕਰ ਦਿੱਤਾ ਗਿਆ। ਸਲਾਨਾ ਗਰੇਡਿੰਗ ਸਿਸਟਮ ਵਿੱਚ ਧੋਖੇਬਾਜ਼ੀ ਕਰਕੇ ਵਿਦਿਆਰਥੀ ਨੂੰ ਇੱਕ ਵਿਸ਼ੇ ਵਿੱਚੋਂ ਫੇਲ੍ਹ ਕੀਤਾ ਗਿਆ। ਇਸੇ ਤਰ੍ਹਾਂ ਸੇਂਟ ਕਲੇਰ ਵਿੱਚ ਵੀ ਸੈਂਕੜੇ ਵਿਦਿਆਰਥੀਆਂ ਨੂੰ ਫੇਲ੍ਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੀਆਈਸੀ ਵਧਾਉਣ ਤੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 40% ਤੱਕ ਗਿਰਾਵਟ ਆਈ ਹੈ। ਇਸ ਲਈ ਕੁਝ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਫੇਲ੍ਹ ਕਰਕੇ ਮੁਨਾਫ਼ੇ ਬਟੋਰਨ ਦੇ ਰਾਹ ਪਈਆਂ ਹੋਈਆਂ ਹਨ।
ਵਿਦਿਆਰਥੀ ਆਗੂ ਖੁਸ਼ਪਾਲ ਗਰੇਵਾਲ, ਮਨਪ੍ਰੀਤ ਕੌਰ, ਬਿਕਰਮ ਕੁੱਲੇਵਾਲ ਅਤੇ ਮਨਦੀਪ ਨੇ ਕਿਹਾ ਕਿ ਪਹਿਲਾਂ ਵੀ ਅਲਗੋਮਾ ਯੂਨੀਵਰਸਿਟੀ ਹਰ ਸਾਲ ਸੈਂਕੜੇ ਵਿਦਿਆਰਥੀਆਂ ਨੂੰ ਫੇਲ੍ਹ ਕਰਕੇ ਮੋਟੀਆਂ ਫੀਸਾਂ ਬਟੋਰਨ ਦਾ ਗੋਰਖਧੰਦਾ ਕਰਦੀ ਆ ਰਹੀ ਹੈ। ਵਿਦਿਆਰਥੀਆਂ ਨੇ ਪੇਪਰ ਦੁਬਾਰਾ ਚੈੱਕ ਕਰਨ ਦੀ ਅਪੀਲ ਕੀਤੀ ਅਤੇ ਸੰਬੰਧਿਤ ਪ੍ਰੋਫੈਸਰ ਤੇ ਯੂਨੀਵਰਸਿਟੀ ਪ੍ਰਬੰਧਕਾਂ  ਨਾਲ ਵਾਰ-ਵਾਰ ਤਾਲਮੇਲ ਕਰਨ ਦੇ ਯਤਨ ਕੀਤੇ ਪਰ ਪ੍ਰੋਫੈਸਰ ਤੇ ਯੂਨੀਵਰਸਿਟੀ ਪ੍ਰਬੰਧਕਾਂ ਦਾ ਵਤੀਰਾ ਟਾਲ-ਮਟੋਲ ਵਾਲਾ ਚੱਲਦਾ ਆ ਰਿਹਾ ਹੈ। ਕਈ ਵਿਦਿਆਰਥੀਆਂ ਨੂੰ ਲਗਾਤਾਰ ਦੋ ਅਤੇ ਤਿੰਨ ਵਾਰ ਫੇਲ੍ਹ ਕੀਤਾ ਗਿਆ। ਵਿਦਿਆਰਥੀਆਂ ਤੋਂ ਪ੍ਰਤੀ ਵਿਸ਼ੇ ਦੇ ਹਿਸਾਬ ਨਾਲ $3000 ਤੋਂ $3500 ਡਾਲਰ ਤੱਕ ਵਸੂਲੇ ਜਾਂਦੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਆਨਲਾਈਨ ਤੇ ਆਫਲਾਈਨ ਕਲਾਸਾਂ ਵਿੱਚ ਪੜ੍ਹਾਈ ਦਾ ਮਿਆਰ ਬੇਹੱਦ ਮਾੜਾ ਹੈ। ਫੇਲ੍ਹ ਕੀਤੇ ਗਏ ਵਿਸ਼ੇ ਵਿੱਚ 400 ਵਿਦਿਆਰਥੀਆਂ ਨੂੰ ਮਹਿਜ ਇੱਕ ਪ੍ਰੋਫੈਸਰ ਪੜ੍ਹਾ ਰਿਹਾ ਹੈ ਜੋ ਕਿ ਖੁਦ ਦੋ ਨੌਕਰੀਆਂ ਕਰਦਾ ਹੈ। ਵਿਦਿਆਰਥੀਆਂ ਨੂੰ ਕਲਾਸ ਵਿੱਚ ਯੂਟਿਊਬ ਰਿਕਾਰਡਿਡ ਵੀਡਿਓ ਦਿਖਾਕੇ ਡੰਗ ਸਾਰਿਆ ਜਾਂਦਾ ਹੈ। ਕਲਾਸ ਵਿੱਚ ਟੀਚਰਾਂ ਦੀ ਹਿੱਸੇਦਾਰੀ ਨਾਮਾਤਰ ਹੈ। ਬਾਥਰੂਮ ਪਾਸ ਦੇ ਬੇਲੋੜੇ ਚਾਲੀ ਡਾਲਰ ਵਸੂਲੇ ਜਾਂਦੇ ਹਨ। ਤੇ ਪ੍ਰੋਫੈਸਰ (ਜਿਸਨੇ ਵਿਦਿਆਰਥੀਆਂ ਨੂੰ ਫੇਲ੍ਹ ਕੀਤਾ) ਦਾ ਵਿਦਿਆਰਥੀਆਂ ਪ੍ਰਤੀ ਵਤੀਰਾ ਬੇਹੱਦ ਹੰਕਾਰ ਤੇ ਜ਼ਲੀਲ ਕਰਨ ਵਾਲਾ ਹੈ। ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ ਤੇ ਸਰਦ ਰੁੱਤ ’ਚ ਇਨਸਾਫ ਲਈ ਸੰਘਰਸ਼ ਕਰਨ ਲਈ ਮਜਬੂਰ ਹਨ। ਯੂਨੀਵਰਸਿਟੀ ਵਿਦਿਆਰਥੀਆਂ ਨੇ ਸੱਤ ਮੈਂਬਰੀ ਕਮੇਟੀ ਬਣਾਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ।
ਇਸ ਸਮੇਂ ਯੂਨੀਵਰਸਿਟੀ ਦੇ ਕਮੇਟੀ ਮੈਂਬਰ ਬੱਲੀ ਸਿੰਘ, ਪ੍ਰਵੀਨ ਗਿੱਲ ਤੇ ਰਾਜਪਾਲ ਕੌਰ ਨੇ ਮੰਗ ਕੀਤੀ ਕਿ ਫੇਲ੍ਹ ਵਿਸ਼ੇ ਦਾ ਸਲਾਨਾ ਗਰੇਡਿੰਗ ਮਾਪਦੰਡ ਤਬਦੀਲ ਕੀਤਾ ਜਾਵੇ,  ਨਵੇਂ ਗਰੇਡਿੰਗ ਮਾਪਦੰਡ ਅਨੁਸਾਰ ਪੇਪਰ ਦੁਬਾਰਾ ਚੈੱਕ ਕੀਤੇ ਜਾਣ, ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਪ੍ਰੋਫੈਸਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ, ਵਿਦਿਆਰਥੀਆਂ ਉੱਤੇ ਦੁਬਾਰਾ ਪੇਪਰ ਦੇਣ ਦੀ ਵਾਧੂ ਫੀਸ ਦਾ ਬੋਝ ਖਤਮ ਕੀਤਾ ਜਾਵੇ ਅਤੇ ਪੇਪਰ ਚੈੱਕ ਕਰਨ ਦੀ ਵਿਧੀ ਨੂੰ ਪਾਰਦਰਸ਼ੀ ਕੀਤਾ ਜਾਵੇ।
ਇਸ ਸਮੇਂ ਮਾਇਸੋ ਅਤੇ ਐਨਐਸਐਨ ਵੱਲੋਂ ਕੈਨੇਡਾ ਵਿੱਚ ਵਸਦੇ ਅੰਤਰਰਾਸ਼ਟਰੀ ਵਿਦਿਆਰਥੀਆਂ, ਸਮੂਹ ਇਨਸਾਫਪਸੰਦ ਲੋਕਾਂ ਅਤੇ ਸਮਾਜਿਕ ਜੱਥੇਬੰਦੀਆਂ ਨੂੰ ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

LEAVE A REPLY

Please enter your comment!
Please enter your name here