ਅਸਮਾਨੀ ਬਿਜਲੀ ਨਾਲ ਸੜਿਆ ਘਰ ਦਾ ਸਮਾਨ ਅਤੇ ਧੀ ਦੇ ਵਿਆਹ ਦੇ ਸੁਪਨੇ

0
776

* ਦਾਜ ਤੋਂ ਇਲਾਵਾ ਕਰਵਾਚੌਥ ’ਤੇ ਆਇਆ ਸਾਰਾ ਸਮਾਨ ਵੀ ਚੜ੍ਹਿਆ ਅੱਗ ਦੀ ਭੇਟ
* ਦੀਨਾਨਗਰ ਦੇ ਪਿੰਡ ਛੋਟਾ ਕਲੀਜਪੁਰ ’ਚ ਗਰੀਬ ਪਰਿਵਾਰ ’ਤੇ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ , ਮਦਦ ਦੀ ਗੁਹਾਰ

ਦੀਨਾਨਗਰ, (ਸਰਬਜੀਤ ਸਾਗਰ) -ਦੀਨਾਨਗਰ ਹਲਕੇ ਦੇ ਪਿੰਡ ਛੋਟਾ ਕਲੀਜਪੁਰ ’ਚ ਪਈ ਅਸਮਾਨੀ ਬਿਜਲੀ ਨੇ ਬੀਤੀ ਰਾਤ ਗਰੀਬ ਪਰਿਵਾਰ ਦੇ ਘਰ ਦਾ ਸਾਰਾ ਸਮਾਨ ਸਾੜ ਕੇ ਸੁਆਹ ਕਰ ਦਿੱਤਾ। ਇਸ ਘਰ ਵਿੱਚ ਦਸੰਬਰ ਮਹੀਨੇ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ ਅਤੇ ਪਰਿਵਾਰ ਵੱਲੋਂ ਧੀ ਨੂੰ ਦਾਜ ਦੇਣ ਲਈ ਬੜੇ ਚਾਵਾਂ ਨਾਲ ਸਮਾਨ ਖਰੀਦਿਆ ਹੋਇਆ ਸੀ, ਜੋ ਪੂਰੀ ਤਰ੍ਹਾਂ ਨਾਲ ਸੜ ਗਿਆ। ਇਸ ਤੋਂ ਇਲਾਵਾ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਕਰਵਾਚੌਥ ਦੇ ਵਰਤ ’ਤੇ ਭੇਜਿਆ ਸਾਰਾ ਸਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 9 ਵਜੇ ਕਰੀਬ ਜਦੋਂ ਤੇਜ਼ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਪੈ ਰਿਹਾ ਸੀ ਤਾਂ ਅਚਾਨਕ ਅਸਮਾਨੀ ਬਿਜਲੀ ਨੇ ਪਿੰਡ ਛੋਟਾ ਕਲੀਜਪੁਰ ਦੇ ਵਸਨੀਕ ਕੀਮਤੀ ਲਾਲ ਦੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਮਿੰਟਾਂ-ਸਕਿੰਟਾਂ ’ਚ ਹੀ ਘਰ ’ਚ ਪਿਆ ਸਾਰਾ ਕੀਮਤੀ ਸਮਾਨ ਸਾੜ ਕੇ ਸੁਆਹ ਕਰ ਦਿੱਤਾ। ਉਸ ਵੇਲੇ ਘਰ ਵਿੱਚ ਕੀਮਤੀ ਲਾਲ ਦੀ ਪਤਨੀ ਪਰਮਜੀਤ ਕੌਰ ਆਪਣੀਆਂ ਦੋਨਾਂ ਧੀਆਂ ਨਾਲ ਮੌਜੂਦ ਸੀ, ਜਿਨ੍ਹਾਂ ਦਾ ਬਚਾਅ ਬੜੀ ਮੁਸ਼ਕਿਲ ਨਾਲ ਹੋਇਆ। ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਅਤੇ ਪੁੱਤਰ ਸ੍ਰੀਨਗਰ ਮੇਹਨਤ ਮਜ਼ਦੂਰੀ ਕਰਨ ਲਈ ਗਏ ਹੋਏ ਹਨ। ਉਸਨੇ ਰੌਂਦੇ ਹੋਏ ਦੱਸਿਆ ਕਿ ਵੱਡੀ ਬੇਟੀ ਦੇ ਵਿਆਹ ਲਈ ਬੜੀ ਮੁਸ਼ਕਿਲ ਨਾਲ ਸਮਾਨ ਇਕੱਠਾ ਕੀਤਾ ਸੀ, ਜੋ ਅੱਗ ਦੀ ਭੇਟ ਚੜ੍ਹ ਗਿਆ ਹੈ। ਉਸਨੇ ਕਿਹਾ ਕਿ ਗਰੀਬ ਪਰਿਵਾਰ ਲਈ ਐਨਾ ਸਮਾਨ ਦੁਬਾਰਾ ਬਣਾਉਣਾ ਬਹੁਤ ਮੁਸ਼ਕਿਲ ਹੈ। ਇਸ ਦੌਰਾਨ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਇਕੱਠੇ ਹੋਏ ਪਿੰਡ ਦੇ ਮੋਹਤਬਰਾਂ ਨੇ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅੱਗੇ ਮਦਦ ਦੀ ਗੁਹਾਰ ਲਗਾਈ ਹੈ।

LEAVE A REPLY

Please enter your comment!
Please enter your name here