ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ 2021 ਦੇ ਜੇਤੂਆਂ ਦਾ ਐਲਾਨ

0
416

* 25000 ਡਾਲਰ ਦਾ ਢਾਹਾਂ ਪੁਰਸਕਾਰ ਨੈਨ ਸੁੱਖ ਲਾਹੌਰ ਨੇ ਅਤੇ 10 ਹਜ਼ਾਰ ਡਾਲਰ ਵਾਲੇ ਪੁਰਸਕਾਰ ਬੀਬੀ ਸਰਘੀ ਅੰਮ੍ਰਿਤਸਰ ਅਤੇ ਬਲਬੀਰ ਮਾਧੋਪੁਰੀ ਨਵੀਂ ਦਿੱਲੀ ਨੇ ਜਿੱਤੇ
ਬੰਗਾ (ਸਾਂਝੀ ਸੋਚ ਬਿਊਰੋ) -ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਦਿੱਤਾ ਜਾਣ ਵਾਲਾ ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ ਦੇ ਸਾਲ 2021 ਦੇ ਜੇਤੂਆਂ ਦੇ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਢਾਹਾਂ ਸਾਹਿਤ ਪੁਰਸਕਾਰ ਦੇ ਮੁੱਖ ਪ੍ਰਬੰਧਕ ਸ੍ਰੀ ਬਲਜਿੰਦਰ ਸਿੰਘ ਢਾਹਾਂ ਨੇ ਦਿੰਦੇ ਦੱਸਿਆ ਇਸ ਵਰ੍ਹੇ 25 ਹਜ਼ਾਰ ਡਾਲਰ ਦਾ ਪੁਰਸਕਾਰ ਸ੍ਰੀ ਨੈਨ ਸੁੱਖ (ਲਾਹੌਰ, ਲਹਿੰਦਾ ਪੰਜਾਬ, ਪਾਕਿਸਤਾਨ) ਦੀ ਸ਼ਾਹਮੁੱਖੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਿਹ ‘ ਜੋਗੀ, ਸੱਪ, ਤ੍ਰਾਹ ’ ਨੇ ਜਿੱਤਿਆ ਹੈ। ਜਦ ਕਿ 10 ਹਜ਼ਾਰ ਡਾਲਰ ਦੇ ਦੋ ਪੁਰਸਕਾਰਾਂ ਵਿਚ ਪਹਿਲੇ ਫਾਈਨਲਿਸਟ ਪੰਜਾਬੀ ਲੇਖਿਕਾ ਸ੍ਰੀਮਤੀ ਸਰਘੀ (ਅੰਮ੍ਰਿਤਸਰ, ਪੰਜਾਬ, ਭਾਰਤ) ਦੀ ਗੁਰਮੁੱਖੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਆਪਣੇ ਅਪਣੇ ਮਰਸੀਆ’ ਅਤੇ ਦੂਜੇ ਫਾਈਨਲਿਸਟ ਸ੍ਰੀ ਬਲਬੀਰ ਮਾਧੋਪੁਰੀ (ਨਵੀਂ ਦਿੱਲੀ, ਭਾਰਤ) ਦੇ ਗੁਰਮੁੱਖੀ ਵਿਚ ਪ੍ਰਕਾਸ਼ਿਤ ਨਾਵਲ ‘ ਮਿੱਟੀ ਬੋਲ ਪਏ’ ਨੇ ਜਿੱਤੇ ਹਨ । ਸ੍ਰੀ ਬਲਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ 25000 ਡਾਲਰ ਦੇ ਢਾਹਾਂ ਪੁਰਸਕਾਰ ਦੇ ਜੇਤੂ ਸ੍ਰੀ ਨੈਨ ਸੁਖ ਲਹਿੰਦੇ ਪੰਜਾਬ ਦੇ ਉਨ੍ਹਾਂ ਪੰਜਾਬੀ ਲਿਖਾਰੀਆਂ ਵਿਚੋਂ ਹਨ ਜੋ ਵਾਹਗਾ ਸਰਹੱਦ ਦੇ ਆਰ-ਪਾਰ ਇਕੋ ਜਿਹਾ ਨਾਮਣਾ ਖੱਟੀ ਬੈਠੇ ਹਨ। ਉਹਨਾਂ ਨੇ ‘ ਜੋਗੀ, ਸੱਪ, ਤ੍ਰਾਹ’ ਕਹਾਣੀ ਸੰਗ੍ਰਹਿ ਵਿੱਚ ਅਣਵੰਡੇ ਪੰਜਾਬ ਦੀ ਲੋਕਧਾਰਾਈ ਵਿਰਾਸਤ ਅਤੇ ਸਰਬ ਸਾਂਝੇ ਇਤਿਹਾਸ ਚੋਂ ਵੰਨ-ਸੁਵੰਨੇ ਵਿਸ਼ਿਆਂ ਨੂੰ ਮੋਹ ਅਤੇ ਨਿਰਪੱਖਤਾ ਨਾਲ ਚਿਤਰਿਆ ਹੈ। ਸ੍ਰੀ ਢਾਹਾਂ ਨੇ 10 ਹਜ਼ਾਰ ਡਾਲਰ ਦੇ ਦੋ ਪੁਰਸਕਾਰ ਜੇਤੂ ਸਾਹਿਤਕਾਰਾਂ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲੇ ਫਾਈਨਲਿਸਟ ਡਾ. ਸਰਘੀ ਨੂੰ ਸਾਹਿਤਕ ਪ੍ਰਤਿਭਾ ਆਪਣੇ ਪਿਤਾ ਉੱਘੇ ਲੇਖਕ ਦਲਬੀਰ ਚੇਤਨ ਤੋਂ ਵਿਰਾਸਤ ਵਿਚ ਮਿਲੀ ਹੈ। ‘ਆਪਣੇ ਆਪਣੇ ਮਰਸੀਏ‘, ਕਹਾਣੀ ਸੰਗ੍ਰਹਿ ਦਾ ਸਿਰਲੇਖ ਮਾਨਵੀ ਸੰਬੰਧਾਂ ‘ਚੋਂ ਪੈਦਾ ਹੋਏ ਦੁੱਖ, ਬੇਚੈਨੀ, ਉਦਾਸੀ ਅਤੇ ਨਿਰਾਸ਼ਾ ਦਾ ਪਰਤੀਕ ਹੈ। ਸਰਘੀ ਨੇ ਸੂਖਮ ਮਨੋਭਾਵਾਂ, ਮਰਦ ਪ੍ਰਧਾਨ ਸਮਾਜ ਦੀਆਂ ਗੁੰਝਲਦਾਰ ਕਦਰਾਂ ਕੀਮਤਾਂ, ਮਾਦਾ-ਭਰੂਣ ਹੱਤਿਆ, ਜਬਰਜਿਨਾਹ, ਵਿਆਹ ਪ੍ਰਥਾ, ਲਿੰਗ-ਭੇਦ ਦੀ ਰਾਜਨੀਤੀ ਅਤੇ ਰਣਨੀਤੀ ਨੂੰ ਕਲਮਬੱਧ ਕੀਤਾ ਹੈ।ਦੂਜੇ ਫਾਈਨਲਿਸਟ ਲੇਖਕ ਬਲਬੀਰ ਮਾਧੋਪੁਰੀ (ਨਵੀਂ ਦਿੱਲੀ, ਭਾਰਤ) ਦੀ ਪੰਜਾਬ ਦੇ ਪਿੰਡ ਮਾਧੋਪੁਰ ਤੋਂ ਬਾਲ ਮਜ਼ਦੂਰ ਵਜੋਂ ਨਿਮਰ ਸ਼ਰੂਆਤ ਕਰਨ ਤੋਂ ਲੈ ਕੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਡਿਪਟੀ ਡਾਇਰੈਕਟਰ ਬਣਨ ਤੱਕ ਦੀ ਯਾਤਰਾ ਮੁਸ਼ਕਲ, ਹਿੰਮਤ ਅਤੇ ਦ੍ਰਿੜਤਾ ਵਾਲੀ ਹੈ। ਸ੍ਰੀ ਮਾਧੋਪੁਰੀ ਦੇ ਨਾਵਲ ‘ਮਿੱਟੀ ਬੋਲ ਪਈ‘ ਦਲਿਤ ਵਰਗ ਵਿੱਚ ਦਲੇਰੀ ਅਤੇ ਜਾਗ੍ਰਤੀ ਦਾ ਪ੍ਰਤੀਕ ਹੈ । ਨਾਵਲ ਵਿਚ ਨੀਵੀ‘ ਜਾਤੀ (ਆਦੀ ਵਾਸੀ) ਅਤੇ ਔਰਤਾਂ ਦੇ ਦੁਖਾਂਤ ਜਿਵੇਂ ਸਮਾਜਿਕ ਨਾ-ਬਰਾਬਰੀ, ਜਾਤ-ਪਾਤ, ਦਲਿਤਾਂ ਨੂੰ ਪੜ੍ਹਾਈ ਦਾ ਹੱਕ ਨਾ ਮਿਲਣਾ, ਜ਼ਿਮੀਂਦਾਰਾਂ ਅਤੇ ਚੌਧਰੀਆਂ ਦੀ ਜਬਰੀ ਵਗਾਰਾਂ ਆਦਿ ਨੂੰ ਬਾਖੂਬੀ ਚਿੱਤਰਿਆ ਹੈ। ਸ੍ਰੀ ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਸਾਲ 2021 ਦੇ ਇਹਨਾਂ ਤਿੰਨਾਂ ਢਾਹਾਂ ਪੁਰਸਕਾਰ ਜੇਤੂਆਂ ਨੂੰ ਨਵੰਬਰ ਮਹੀਨੇ ਵਿਚ ਹੋ ਰਹੇ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਸਨਮਾਨਿਤ ਕੀਤਾ ਜਾਵੇਗਾ।ਢਾਹਾਂ ਪੁਰਸਕਾਰ 2014 ਤੋਂ ਸ਼ੁਰੂ ਕੀਤਾ ਗਿਆ ਸੀ ਜੋ ਦੁਨੀਆ ਭਰ ਵਿਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਪ੍ਰਦਾਨ ਕੀਤਾ ਜਾਂਦਾ ਹੈ। ਸ੍ਰੀ ਢਾਹਾਂ ਨੇ ਕਿਹਾ ਕਿ ਢਾਹਾਂ ਪੁਰਸਕਾਰ ਦਾ ਉਦੇਸ਼ ਸਰਹੱਦਾਂ ਤੋਂ ਪਾਰ ਪੰਜਾਬੀ ਸਾਹਿਤ ਦੀ ਸਿਰਜਣਾ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ ਅਤੇ ਵਿਸ਼ਵ ਪੱਧਰ ’ਤੇ ਪੰਜਾਬੀ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹਨਾਂ ਢਾਹਾਂ ਪੁਰਸਕਾਰ ਦਾ ਐਲਾਨ ਕਰਨ ਮੌਕੇ ਸ੍ਰੀ ਬਰਜਿੰਦਰ ਸਿੰਘ ਢਾਹਾਂ, ਪ੍ਰਸਿੱਧ ਲੇਖਕ ਸ੍ਰੀ ਸਾਧੂ ਬਿੰਨਿੰਗ, ਬੀਬੀ ਹਰਿੰਦਰ ਕੌਰ ਢਾਹਾਂ, ਮਨਵੀਰ ਸਿੰਘ ਢਾਹਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ। ਵਰਨਣਯੋਗ ਹੈ ਕਿ ਢਾਹਾਂ ਸਾਹਿਤ ਪੁਰਸਕਾਰ ਵੈਨਕੂਵਰ ਕੈਨੇਡਾ ਵਿੱਚ ਸ੍ਰੀ ਬਰਜਿੰਦਰ ਸਿੰਘ ਢਾਹਾਂ ਅਤੇ ਉਹਨਾਂ ਧਰਮਪਤਨੀ ਬੀਬੀ ਰੀਟਾ ਢਾਹਾਂ ਵੱਲੋਂ ਸਥਾਪਤ ਕੀਤਾ ਗਿਆ ਹੈ । ਇਹ ਪੁਰਸਕਾਰ ਪੰਜਾਬੀ ਦੇ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿਚ ਲਿਖੀਆਂ ਗਈਆਂ ਤਿੰਨ ਸਰਵੋਤਮ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ। ਇਸ ਸਾਲ 40 ਪੁਸਤਕਾਂ ਪੁਰਸਕਾਰ ਵਾਸਤੇ ਪ੍ਰਾਪਤ ਹੋਈਆਂ ਸਨ।

LEAVE A REPLY

Please enter your comment!
Please enter your name here