ਅੰਮ੍ਰਿਤਸਰ ਤੋਂ ਬਿਹਤਰ ਹਵਾਈ ਸੰਪਰਕ ਬਣਾਉਣ ਲਈ ‘ਅੰਮ੍ਰਿਤਸਰ ਵਿਕਾਸ ਮੰਚ’ ਵਲੋਂ ‘ਗੋ ਫਸਟ’ ਨਾਲ ਮੁਲਾਕਾਤ

0
643

ਨਿਊਯਾਰਕ, (ਰਾਜ ਗੋਗਨਾ )-ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਪੰਜਾਬ ਖੇਤਰ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਵਫਦ ਨੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ, ਸਰਪ੍ਰਸਤ ਮਨਮੋਹਨ ਸਿੰਘ, ਸਕੱਤਰ ਯੋਗੇਸ਼ ਕਾਮਰਾ ਅਤੇ ਰਵਰੀਤ ਸਿੰਘ ਨੇ ਭਾਰਤ ਦੀ ਘੱਟ ਕਿਰਾਏ ਵਾਲੀ ਏਅਰਲਾਈਨ ‘ਗੋ ਫਸਟ’ ਦੇ ਉੱਚ ਅਧਿਕਾਰੀਆਂ ਨਾਲ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਮੁਲਾਕਾਤ ਕੀਤੀ। ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਵੱਲੋਂ ਪ੍ਰੈਸ ਦੇ ਨਾਂ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਗੋ ਫਸਟ ਦੀਆਂ 6 ਨਵੀਆਂ ਉਡਾਣਾਂ ਸ਼ੁਰੂ ਹੋਣ ਉਪਰੰਤ ਮੰਚ ਦੇ ਵਫਦ ਨੇ ਅੰਮ੍ਰਿਤਸਰ ਤੋਂ ਉਡਾਣਾਂ ਨੂੰ ਸ਼ੁਰੂ ਕਰਨ ਦੀ ਸਾਡੀ ਮੰਗ ਪੂਰੀ ਕਰਨ ਲਈ ਗੋ ਫਸਟ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਮੰਚ ਨੇ ਏਅਰਲਾਈਨ ਨੂੰ ਅੰਮ੍ਰਿਤਸਰ ਤੋਂ ਭਾਰਤ ਦੇ ਹੋਰਨਾਂ ਸ਼ਹਿਰਾਂ ਅਤੇ ਵਿਦੇਸ਼ ਦੇ ਹਵਾਈ ਅੱਡਿਆਂ ਲਈ ਵੀ ਉਡਾਣਾਂ ਸ਼ੁਰੂ ਕਰਨ ਸੰਬੰਧੀ ਵਿਸਥਾਰਤ ਅੰਕੜੇ ਪੇਸ਼ ਕੀਤੇ। ਗੋ ਫਸਟ ਨੇ ਦਿੱਲੀ ਲਈ ਤਿੰਨ, ਮੁੰਬਈ ਲਈ ਦੋ, ਅਤੇ ਸ੍ਰੀਨਗਰ ਲਈ ਰੋਜਾਨਾ ਇਕ ਉਡਾਣ ਸ਼ੁਰੂ ਕੀਤੀਆਂ ਹਨ। ਦਿੱਲੀ ਅਤੇ ਮੁੰਬਈ ਲਈ ਉਡਾਣਾਂ, ਯਾਤਰੀਆਂ ਨੂੰ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਲਖਨਊ, ਬਾਗਡੋਗਰਾ, ਗੁਵਾਹਾਟੀ, ਗੋਆ, ਨਾਗਪੁਰ, ਚੇਨਈ, ਵਾਰਾਨਸੀ, ਹੈਦਰਾਬਾਦ ਆਦਿ ਨਾਲ ਬਹੁਤ ਹੀ ਸੁਖਾਲੇ ਸੰਪਰਕ ਨਾਲ ਜੋੜਦੀਆਂ ਹਨ। ਮੀਟਿੰਗ ਦੌਰਾਨ ਵਫਦ ਨੇ ਅੰਕੜੇ ਸਾਂਝੇ ਕਰਦੇ ਹੋਏ ਗੋ ਫਸਟ ਨੂੰ ਨਾਂਦੇੜ, ਹੈਦਰਾਬਾਦ, ਗੋਆ, ਗੁਹਾਟੀ, ਪਟਨਾ ਆਦਿ ਸ਼ਹਿਰਾਂ ਨਾਲ ਸਿੱਧੀਆਂ ਉਡਾਣਾਂ ਦੀ ਸੰਭਾਵਨਾਵਾਂ ਵੀ ਬਾਰੇ ਦੱਸਿਆ ਅਤੇ ਨਾਲ ਹੀ ਮਸਕਟ, ਕੂਵੇਤ, ਆਬੂਧਾਬੀ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ। ਗੋ ਫਸਟ ਦੇ ਕਾਰਪੋਰੇਟ ਮਾਮਲਿਆਂ ਦੇ ਮੁਖੀ ਮੋਹਿਤ ਦਿਵੇਦੀ, ਡਿਪਟੀ ਜਰਨਲ ਮੈਨੇਜਰ ਸੁਮੀਤ ਭੰਡਾਰੀ, ਅਤੇ ਅੰਮ੍ਰਿਤਸਰ ਹਵਾਈ ਅੱਡੇ ਤੇ ਸਟੇਸ਼ਨ ਮੈਨੇਜਰ ਅਮਨ ਕੋਹਲੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਹੋਰ ਉਡਾਣਾਂ ਸ਼ੁਰੂ ਕਰਨ ਲਈ ਅੰਕੜਿਆਂ ਦਾ ਮੁਲਾਂਕਣ ਕਰਨਗੇ ਅਤੇ ਆਸ ਕਰਦੇ ਹਾਂ ਕਿ ਭਵਿੱਖ ਵਿਚ ਅਸੀਂ ਆਪਣੀ ਟੀਮ ਨਾਲ ਇਸ ਬਾਰੇ ਵਿਚਾਰ ਕਰਕੇ ਕੋਈ ਫੈਸਲਾ ਕਰਾਂਗੇ। ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡਾ ਤੋਂ ਗੋ ਫਸਟ ਦੀਆਂ ਉਡਾਣਾਂ ਦਾ ਸ਼ੁਰੂ ਹੋਣਾ ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਲਈ ਇੱਕ ਹੋਰ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਇਸ ਉਪਰਾਲੇ ਸਦਕਾ ਏਅਰ ਏਸ਼ੀਆਂ ਦੀਆਂ 2018 ਵਿੱਚ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਅਤੇ ਹੋਰ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਈਆਂ ਹਨ। ਮੰਚ ਨੇ ਗੋ ਫਸਟ ਦੇ ਚੇਅਰਮੈਨ ਨੂੰ ਜਨਵਰੀ 2021 ਵਿੱਚ ਵਿਸਤ੍ਰਿਤ ਜਾਣਕਾਰੀ ਦਿੱਤੀ ਸੀ ਜਿਸ ਉਪਰੰਤ ਗੋ ਫਸਟ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਹਵਾਈ ਅੱਡੇ ਦਾ ਦੌਰਾ ਕੀਤਾ ਅਤੇ ਮੰਚ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਫੇਰੀ ਤੋਂ ਬਾਅਦ ਏਅਰਲਾਈਨ ਮਾਰਚ 2021 ਦੇ ਅਖੀਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਪਰ ਦੇਸ਼ ਵਿਚ ਫੈਲੇ ਕਰੋਨਾ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਕੋਵਿਡ ਤੋਂ ਬਾਅਦ ਅੰਮ੍ਰਿਤਸਰ ਦੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਲਾਭ ਹੋਵੇਗਾ। ਮੰਚ ਦੇ ਵਫ਼ਦ ਨੇ ਗੋ ਫਸਟ ਦੇ ਅਧਿਕਾਰੀਆਂ ਨਾਲ ਸਾਡਾ ਪਿੰਡ ਦਾ ਵੀ ਦੌਰਾ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸ਼ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋਂ ਸੂਚਨਾ ਦਫਤਰ ਵਿਖੇ ਅਧਿਕਾਰੀਆਂ ਨੂੰ ਸਿਰੋਪਾਓ ਅਤੇ ਧਾਰਮਿਕ ਸਹਿਤ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here