ਅਜੈ ਗੋਗਨਾ, ਭੁਲੱਥ
ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਭਾਰਤੀ ਗਣਤੰਤਰ ਦਿਵਸ 26 ਜਨਵਰੀ ਨੂੰ ਕਾਲੇ ਦਿਵਸ ਵਜੋ ਮਨਾਉਣ ਦੀ ਘੋਸ਼ਣਾ ਅਤੇ 25 ਜਨਵਰੀ ਨੂੰ ਅਮ੍ਰਿਤਸਰ ਸ਼ਹਿਰ ਵਿਖੇ “ਸੰਯੁਕਤ ਰਾਸ਼ਟਰ ਦੇ ਅਧੀਨ ਰੈਫਰੈੰਡਮ” ਦੀ ਮੰਗ ਨੂੰ ਲੈ ਕੇ ਮਾਰਚ ਕੱਢਣ ਦਾ ਐਲਾਨ ਕੀਤਾ ਹੈ।ਜੱਥੇਬੰਦੀ ਵਲੋਂ ਇਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਸਹਿਰਾਂ ਅਤੇ ਕਸਬਿਆਂ ਵਿੱਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਬੀਤੇ ਦਿਨ ਹਲਕਾ ਭੁਲੱਥ ਵਿਖੇ ਜੱਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ ਨੇ ਨੌਜਵਾਨ ਸਾਥੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਸੰਬੋਧਨ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਮਾਰਚ ਦੀਆਂ ਤਿਆਰੀਆਂ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਸਵੈ-ਨਿਰਣੈ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਹਰ ਸੰਘਰਸ਼-ਸ਼ੀਲ ਕੌਮ ਦਾ ਹੱਕ ਹੈ, ਇਸ ਤੋਂ ਭਾਰਤੀ ਸੰਵਿਧਾਨ ਮੁਨਕਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ, ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਵੱਲੋਂ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਦੇ ਮਨਾਂ ਅੰਦਰ ਰੈਫਰੈਂਡਮ ਦੇ ਨਾਮ ‘ਤੇ ਕਈ ਤਰ੍ਹਾਂ ਦੇ ਭਰਮ-ਭੁਲੇਖੇ ਅਤੇ ਡਰ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਰਚ ਦਾ ਮਨੋਰਥ ਲੋਕਾਂ ਵਿੱਚ ਰੈਫਰੈੰਡਮ ਬਾਰੇ ਸੱਚਾਈ ਲਿਆਉਣੀ ਅਤੇ ਸਰਕਾਰ ਵੱਲੋਂ ਪੈਦਾ ਕੀਤੇ ਗਏ ਡਰ ਨੂੰ ਖਤਮ ਕਰਨਾ ਹੈ।ਉਹਨਾਂ ਦੱਸਿਆ ਕਿ ਇਸ ਮਾਰਚ ਵਿੱਚ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਵੀ ਆਪਣੀ ਪਾਰਟੀ ਆਗੂਆਂ ਅਤੇ ਵਰਕਰਾਂ ਸਮੇਤ ਸ਼ਾਮਿਲ ਹੋਣਗੇ।ਇਸ ਮੌਕੇ ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਮਾਰਚ ਰੈਫਰੈਂਡਮ ਪ੍ਰਤਿ ਲੋਕਾਂ ਵਿੱਚ ਡਰ ਖਤਮ ਕਰੇਗਾ ਅਤੇ ਲੋਕ ਸਮਝ ਨਾਲ ਚੱਲਣਗੇ। ਉਨ੍ਹਾਂ ਕਿਹਾ ਕਿ ਮਾਰਚ ਪੂਰਾ ਅਮਨ-ਅਮਾਨ ਅਤੇ ਸ਼ਾਤੀ ਪੂਰਵਕ ਹੋਵੇਗਾ ਜੋ ਆਪਣੇ ਹੱਕੀ-ਮੰਗਾਂ ਦੀ ਆਵਾਜ ਨੂੰ ਜੋਰਦਾਰ ਢੰਗ ਨਾਲ ਬੁਲੰਦ ਕਰਦਾ ਹੋਇਆ ਸ਼ਹਿਰ ਦੇ ਬਾਜਾਰਾਂ ਵਿੱਚੋ ਦੀ ਹੁੰਦੇ ਹੋਏ ਦਰਬਾਰ ਸਾਹਿਬ ਜਾ ਕੇ ਸਮਾਪਤ ਹੋਵੇਗਾ। ਮਾਰਚ ਵਿੱਚ ਕਾਰਜ-ਕਰਤਾਵਾ ਦੇ ਹੱਥਾਂ ਦੇ ਵਿੱਚ ਆਪਣੀ ਮੰਗ ਅਤੇ ਮਾਰਚ ਦੇ ਮੰਤਵ ਬਾਬਤ ਦਰਸਾਉਂਦੇ ਪਲੇਅ ਕਾਰਡ, ਫਲੈਕਸਾਂ ਅਤੇ ਬੈਨਰ ਹੋਣਗੇ। ਬਾਜਵਾ ਨੇ ਨੌਜਵਾਨਾਂ ਨੂੰ ਬਿਨਾ ਕਿਸੇ ਡਰ ਅਤੇ ਖੌਫ ਦੇ ਇਸ ਮਾਰਚ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।