ਅੱਤਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ- ਕੈਪਟਨ ਅਮਰਿੰਦਰ

0
355

ਚੰਡੀਗੜ੍ਹ, (ਸਾਂਝੀ ਸੋਚ ਬਿਊਰੋ) -ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਤਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਪਾਕਿਸਤਾਨ ਦੇ ਨਾਲ ਉਦੋਂ ਤੱਕ ਕਾਰੋਬਾਰ ਤੇ ਵਪਾਰ ਕਰਨ ਦਾ ਸਵਾਲ ਹੀ ਨਹੀਂ ਉੱਠਦਾ, ਜਦੋਂ ਤਕ ਉਹ ਅੱਤਵਾਦ ਨੂੰ ਫੰਡਿੰਗ ਕਰਨਾ ਅਤੇ ਬਾਰਡਰਾਂ ਤੇ ਸਾਡੇ ਸਿਪਾਹੀਆਂ ਨੂੰ ਮਾਰਨਾ ਬੰਦ ਨਹੀਂ ਕਰਦਾ। ਇੱਥੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਪਾਕਿਸਤਾਨ ਤੋਂ ਸ਼ਾਂਤੀ ਨੂੰ ਖ਼ਤਰੇ ਵਿਚਾਲੇ ਪੰਜਾਬ ਚ ਸੁਰੱਖਿਆ ਦੀ ਗੰਭੀਰ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਕਈ ਅੱਤਵਾਦੀ ਗੁੱਟਾਂ ਦੇ ਸਲੀਪਰ ਸੈੱਲ ਸਰਗਰਮ ਹਨ ਅਤੇ ਉਹ ਪੰਜਾਬ ਚ ਮਾਹੌਲ ਵਿਗਾੜਨ ਲਈ ਆਈ ਐਸ ਆਈ ਦੀ ਮਦਦ ਕਰ ਰਹੇ ਹਨ। ਇਸ ਲੜੀ ਹੇਠ, ਸਾਬਕਾ ਮੁੱਖ ਮੰਤਰੀ ਨੇ ਪਾਕਿਸਤਾਨ ਤੋਂ ਸੀਮਾ ਪਾਰ ਕਰਕੇ ਵੱਡੀ ਗਿਣਤੀ ਚ ਹਥਿਆਰ ਅਤੇ ਗੋਲਾ ਬਾਰੂਦ ਦੀ ਘੁਸਪੈਠ ਹੋਣ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀਆਂ ਸੁਰੱਖਿਆ ਫੋਰਸਾਂ ਦੇ ਨੋਟਿਸ ’ਚ ਆਇਆ ਹੈ ਕਿ ਇਹ ਸਿਰਫ਼ ਇਕ ਮਾਮਲਾ ਹੈ ਅਤੇ ਅਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੀ ਕੁਝ ਉਨ੍ਹਾਂ ਦੀ ਅੱਖਾਂ ਤੋਂ ਬਚ ਕੇ ਤਾਂ ਨਹੀਂ ਨਿਕਲ ਗਿਆ।

ਕੈਪਟਨ ਅਮਰਿੰਦਰ ਨੇ ਹਾਲ ਹੀ ਚ ਸ੍ਰੀ ਦਰਬਾਰ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਲੋਕਾਂ ਨੂੰ ਧਾਰਮਿਕ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਹੈ ਤੇ ਸੂਬੇ ’ਚ ਸ਼ਾਂਤੀ ਦਾ ਮਾਹੌਲ ਵਿਗਾੜ ਸਕਦੀ ਹੈ। ਉਨ੍ਹਾਂ ਕਿਹਾ ਕਿ ਆਈ ਐਸ ਆਈ ਵਰਗੀਆਂ ਕਈ ਵਿਦੇਸ਼ੀ ਏਜੰਸੀਆਂ ਕਈ ਵੱਖਵਾਦੀ ਅਤੇ ਅੱਤਵਾਦੀ ਸਲੀਪਰ ਸੈੱਲਾਂ ਦੇ ਸਹਿਯੋਗ ਨਾਲ ਸਰਗਰਮ ਹਨ, ਜਿਹੜੇ ਅਜਿਹੀ ਸਥਿਤੀ ਬਣਨ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੱਖਣ ਏਸ਼ੀਆ ’ਚ ਸੁਰੱਖਿਆ ਨੀਤੀ ’ਚ ਬਦਲਾਅ ਨਾਲ ਚੀਨ ਤੇ ਪਾਕਿਸਤਾਨ ਇਕੱਠੇ ਆ ਚੁੱਕੇ ਹਨ, ਜਿਹੜੇ ਲਗਪਗ ਇੱਕ ਦੇਸ਼ ਬਣ ਚੁੱਕੇ ਹਨ। ਅਜਿਹੇ ਵਿੱਚ ਭਾਰਤ ਨੂੰ ਹੋਰ ਅਲਰਟ ਰਹਿਣ ਦੀ ਲੋੜ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਸੂਬੇ ਨੂੰ ਹੁਣ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਚੀਨ ਨੇ ਪਾਕਿਸਤਾਨ ’ਚ 29 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। ਜਿਸ ਨੇ ਉਥੇ ਹਾਈਵੇ ਤੇ ਸੁਰੰਗਾਂ ਬਣਾ ਕੇ ਵੱਡੇ ਪੱਧਰ ’ਤੇ ਇੰਫਰਾਸਟਰੱਕਚਰ ਤਿਆਰ ਕੀਤਾ, ਜਿਹੜਾ ਚੀਨ ਦੇ ਸਾਮਾਨ ਨੂੰ ਸਿੱਧੇ ਗਵਾਦਰ ਪੋਰਟ ’ਤੇ ਲੈ ਕੇ ਜਾਂਦੇ ਹਨ ਅਤੇ ਉਸ ਦੀ ਸੈਂਟਰਲ ਏਸ਼ੀਆ ਤਕ ਪਹੁੰਚ ਬਣਾਉਂਦੇ ਹਨ। ਇਸ ਤਰ੍ਹਾਂ ਅਫ਼ਗਾਨਿਸਤਾਨ ਨੂੰ ਵਿੱਤੀ ਮਦਦ ਦੀ ਬਹੁਤ ਲੋੜ ਹੈ ਅਤੇ ਚੀਨ ਇਹ ਕਰਨ ਨੂੰ ਤਿਆਰ ਹੈ, ਜਿਹੜਾ ਤਾਲਿਬਾਨ ਤੋਂ ਭਾਰਤ ਲਈ ਇੱਕ ਹੋਰ ਚਿੰਤਾ ਦਾ ਕਾਰਨ ਬਣ ਸਕਦਾ ਹੈ, ਜਿਸ ਨੂੰ ਚੀਨ ਵੱਲੋਂ ਭਾਰਤ ਚ ਘੁਸਪੈਠ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here