ਆਇਡਾਹੋ ਰਾਜ ਦੇ ਇਕ ਸਾਬਕਾ ਵਿਧਾਇਕ ਨੂੰ ਜਬਰਜਨਾਹ ਮਾਮਲੇ ਵਿਚ 20 ਸਾਲ ਦੀ ਸਜ਼ਾ
ਸੈਕਰਾਮੈਂਟੋ 3 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਆਇਡਾਹੋ ਰਾਜ ਦੇ ਸਾਬਕਾ ਵਿਧਾਇਕ ਐਰੋਨ ਵਾਨ ਅਹਿਲਿੰਗਰ ਨੂੰ ਜਬਰਜਨਾਹ ਦੇ ਇਕ ਮਾਮਲੇ ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। 40 ਸਾਲਾ ਅਹਿਲਿੰਗਰ ਇਕ 19 ਸਾਲਾ ਲੜਕੀ ਨਾਲ ਜਬਰਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ। ਅਡਾ ਕਾਊਂਟੀ ਡਿਸਟ੍ਰਿਕਟ ਜੱਜ ਮਿਸ਼ੇਲ ਰੀਅਰਡਨ ਨੇ ਅਹਿਲਿੰਗਰ ਨੂੰ ਦੋਸ਼ੀ ਮੰਨਦਿਆਂ 20 ਸਾਲ ਦੀ ਸਜ਼ਾ ਸੁਣਾਉਂਦਿਆਂ ਆਪਣੇ ਆਦੇਸ਼ ਵਿਚ ਲਿਖਿਆ ਹੈ ਕਿ ਦੋਸ਼ੀ 8 ਸਾਲ ਬਾਅਦ ਪੇਰੋਲ ਲਈ ਦਰਖਾਸਤ ਦੇ ਸਕਦਾ ਹੈ। ਕਾਊਂਟੀ ਦੇ ਵਕੀਲ ਜਨ ਬੈਨੇਟਸ ਨੇ ਪੀੜਤ ਜੇਨੇ ਡੋਏ ਵੱਲੋਂ ਮਾਮਲੇ ਦੀ ਪੂਰੀ ਸੁਣਵਾਈ ਦੌਰਾਨ ਵਿਖਾਏ ਹੌਸਲੇ ਦੀ ਤਾਰੀਫ ਕੀਤੀ ਹੈ ਤੇ ਉਸ ਦਾ ਧੰਨਵਾਦ ਕੀਤਾ ਹੈ।