ਆਜ਼ਾਦੀ ਘੁਲਾਟੀਏ ਸ੍ਰ ਬਿਹਾਰਾ ਸਿੰਘ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨ

0
100

*ਦੇਸ਼ ਦੀ ਆਜ਼ਾਦੀ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਦਿਆਂ ਮਾਣ ਮਹਿਸੂਸ ਹੁੰਦੈ-ਡਿਪਟੀ ਕਮਿਸ਼ਨਰ
ਮਾਨਸਾ, 03 ਅਗਸਤ:

ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ਵਿਖੇ ਆਜਾਦੀ ਘੁਲਾਟੀਏ ਸ੍ਰ. ਬਿਹਾਰਾ ਸਿੰਘ (95 ਸਾਲ) ਨੂੰ ਸ਼ਾਲ/ਅੰਗਵਸਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ ਵੀ ਮੌਜੂਦ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਤਹਿਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਸ ਤਹਿਤ ਆਜ਼ਾਦੀ ਘੁਲਾਟੀਏ ਸ੍ਰ. ਬਿਹਾਰਾ ਸਿੰਘ ਜੀ ਨੂੰ ਸਨਮਾਨਿਤ ਕਰਨ ਸਮੇਂ ਉਹ ਮਾਣ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਸ੍ਰੀ ਗੁੱਜਰ ਸਿੰਘ ਦੇ ਘਰ ਅਤੇ ਸ੍ਰੀਮਤੀ ਚੰਦ ਕੌਰ ਦੀ ਕੁੱਖੋ 1927 ਵਿੱਚ ਜਨਮੇ ਬਿਹਾਰਾ ਸਿੰਘ ਨੇ 8ਵੀਂ ਜਮਾਤ ਤੱਕ ਵਿੱਦਿਆ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਿਹਾਰਾ ਸਿੰਘ ਜੀ 15 ਸਾਲ ਦੀ ਉਮਰ ਵਿੱਚ ਆਜ਼ਾਦ ਹਿੰਦ ਫੌਜ਼ ਵਿਖੇ ਭਰਤੀ ਹੋਏ ਅਤੇ 1942 ਤੋਂ 1945 ਤੱਕ ਜੰਗ ਲੜਦੇ ਰਹੇ। ਉਨ੍ਹਾਂ ਦੱਸਿਆ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਜੰਗੀ ਕੈਦੀ ਦੇ ਤੌਰ ’ਤੇ ਰੰਗੂਨ ਵਿਖੇ 13 ਮਹੀਨੇ ਜੇਲ੍ਹ ਕੱਟੀ। ਉਨ੍ਹਾਂ ਦੱਸਿਆ ਕਿ 1962 ਵਿੱਚ ਉਨ੍ਹਾਂ ਦਾ ਵਿਆਹ ਰਤਨਗੜ੍ਹ ਤਹਿਸੀਲ ਰਤੀਆ ਵਿਖੇ ਫਤੇਹਾ ਬਾਈ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ 2 ਪੁੱਤਰਾਂ ਦਾ ਜਨਮ ਹੋਇਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰ ਬਿਹਾਰਾ ਸਿੰਘ ਜੀ ਨੂੰ ਤਿੰਨ ਵਾਰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਪੱਤਰ ਮਿਲ ਚੁੱਕਾ ਹੈ। ਸਨਮਾਨ ਮਿਲਣ ਮੌਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਸ੍ਰ. ਬਿਹਾਰਾ ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਦੇਖ ਕੇ ਅਤੇ ਸਮੇਂ-ਸਮੇਂ ’ਤੇ ਮਿਲਣ ਵਾਲੇ ਮਾਣ-ਸਨਮਾਨ ਤੋਂ ਉਹ ਬਹੁਤ ਜ਼ਿਆਦਾ ਖੁਸ਼ ਹਨ।
ਇਸ ਮੌਕੇ ਉਨ੍ਹਾਂ ਦੇ ਸਪੁੱਤਰ ਸ੍ਰੀ ਜਗਜੀਤ ਸਿੰਘ, ਗੁਰਦੀਪ ਸਿੰਘ, ਪੋਤੇ ਸੁਖਜਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here