ਪੰਜਾਬ ਦੀ ਮਾਨ ਸਰਕਾਰ ਪੰਜਾਬ ਦੀ ਖ਼ੁਸ਼ਹਾਲੀ ਅਤੇ ਹਰ ਵਰਗ ਦੀ ਬਿਹਤਰੀ ਲਈ ਆਏ ਦਿਨ ਚੁੱਕ ਰਹੀ ਹੈ ਠੋਸ ਕਦਮ
ਪੰਜਾਬ ਜੱਲਿਆਂਵਾਲਾ ਬਾਗ਼ ਦੇ ਪੀੜਤਾਂ ਨੂੰ ਕਦੇ ਨਹੀਂ ਭੁੱਲ ਸਕਦਾ, ‘ਆਪ’ ਸਰਕਾਰ ਪੰਜਾਬ ਹਿਤੈਸ਼ੀ
ਜਲੰਧਰ, 15 ਅਪ੍ਰੈਲ:
ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੇ ਸਮਰਥਕਾਂ ਨਾਲ ਵਿਸਾਖੀ ਦੇ ਸ਼ੁਭ ਮੌਕੇ ‘ਤੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਹਿਤੈਸ਼ੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਅਤੇ ਯੋਧਿਆਂ ਦਾ ਇਤਿਹਾਸ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਕੁਰਬਾਨੀ ਦੇਣ ਦਾ ਮੌਕਾ ਹੋਵੇ ਜਾਂ ਦੇਸ਼ ਦੇ ਲੋਕਾਂ ਦੇ ਢਿੱਡ ਭਰਨ ਦੀ ਗੱਲ ਹੋਵੇ। ਪੰਜਾਬੀ ਹਮੇਸ਼ਾ ਹੀ ਅੱਗੇ ਰਿਹਾ ਹੈ। ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਜੱਲਿਆਂਵਾਲਾ ਬਾਗ਼ ਵਿਖੇ ਵਾਪਰੀ ਖ਼ੂਨੀ ਘਟਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਦਿਨ ਅੰਗਰੇਜ਼ਾਂ ਨੇ ਹਜ਼ਾਰਾਂ ਨਿਹੱਥੇ ਪੰਜਾਬੀਆਂ ‘ਤੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੀ ਸ਼ਹਾਦਤ ਸਦਕਾ ਹੀ ਅੱਜ ਅਸੀਂ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਸਕੇ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਪੰਜਾਬ ਦੀ ਖ਼ੁਸ਼ਹਾਲੀ ਅਤੇ ਬਿਹਤਰੀ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ। ਜਨਤਾ ਨੇ ਆਮ ਆਦਮੀ ਦੀ ਸਰਕਾਰ ਨੂੰ ਇੰਨਾ ਵੱਡਾ ਮੌਕਾ ਦਿੱਤਾ ਹੈ। ਸਰਕਾਰ ਨੇ ਵੀ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਇੱਕ ਤੋਂ ਬਾਅਦ ਇੱਕ ਕੰਮ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ। ਚਾਹੇ ਉਹ ਭ੍ਰਿਸ਼ਟਾਚਾਰ ਵਿਰੁੱਧ ਕਦਮ ਚੁੱਕਣ ਦੀ ਗੱਲ ਹੋਵੇ ਜਾਂ ਰੁਜ਼ਗਾਰ ਦੇਣ ਦੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦਾ ਦਰਦ ਸਮਝਦੇ ਹਨ। ਪਿਛਲੇ ਸਮੇਂ ਦੌਰਾਨ ਜਦੋਂ ਪੰਜਾਬ ਦੀਆਂ ਫ਼ਸਲਾਂ ਬੇਮੌਸਮੀ ਬਰਸਾਤ ਕਾਰਨ ਤਬਾਹ ਹੋਈਆਂ ਤਾਂ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ੇ ਵਜੋਂ ਕਰੋੜਾਂ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ। ਖ਼ਰਾਬ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਭਗਵੰਤ ਮਾਨ ਖ਼ੁਦ ਪਿੰਡਾਂ ਵਿੱਚ ਗਏ। ਇਹ ਕੰਮ ਆਮ ਲੋਕਾਂ ਦਾ ਮੁੱਖ ਮੰਤਰੀ ਹੀ ਕਰ ਸਕਦਾ ਹੈ। ਰਿੰਕੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਨਾਲ ਡਟ ਕੇ ਖੜੇ ਹੋਣ।