…ਜਿਸ ਤਰ੍ਹਾਂ ਇਹ ਲੋਕਤੰਤਰ ਦੇ ਮੰਦਰ ਨੂੰ ਚਲਾ ਰਹੇ ਹਨ, ਇਸੇ ਕਾਰਨ ਅੱਜ ਸਾਡੇ ਦੇਸ਼ ਦੀ ਇਹ ਹਾਲਤ ਹੈ: ਮੁੱਖ ਮੰਤਰੀ ਮਾਨ
…ਮਨੀਪੁਰ ‘ਚ ਜੋ ਹੋ ਰਿਹਾ ਹੈ, ਉਹ ਨਫ਼ਰਤ ਦੀ ਰਾਜਨੀਤੀ ਦਾ ਨਤੀਜਾ ਹੈ, ਮਾਨ ਦਾ ਭਾਜਪਾ ‘ਤੇ ਹਮਲਾ
….ਭਾਜਪਾ ਗਵਰਨਰ ਸਹੀ ਢੰਗ ਨਾਲ ਕੰਮ ਕਰਨ ਵਾਲੀਆਂ ਸਰਕਾਰਾਂ ਵਿਚ ਬੇਸ਼ਰਮੀ ਨਾਲ ਦਖ਼ਲ ਦਿੰਦੇ ਹਨ, ਮਨੀਪੁਰ ਦੇ ਰਾਜਪਾਲ ਕਿੱਥੇ ਹਨ, ਭਗਵੰਤ ਮਾਨ
…ਪੀਐਮ ਨੂੰ ਮਨੀਪੁਰ ਦਾ ਜ਼ਿਕਰ ਕਰਨ ਲਈ ਵੀ 78 ਦਿਨ ਲੱਗ ਗਏ, ਜਦੋਂ ਭਾਰਤ ਦਾ ਇੱਕ ਹਿੱਸਾ ਸੜ ਰਿਹਾ ਸੀ, ਸਾਡੇ ਪ੍ਰਧਾਨ ਮੰਤਰੀ ਅਮਰੀਕਾ, ਯੂਏਈ ਅਤੇ ਫਰਾਂਸ ਦੇ ਦੌਰੇ ਕਰ ਰਹੇ ਸਨ: ਭਗਵੰਤ ਮਾਨ
….ਸੰਸਦ ਮੈਂਬਰ ਸੰਜੇ ਸਿੰਘ ਦੀ ਮੁਅੱਤਲੀ ਲੋਕਤੰਤਰ ਅਤੇ ਸੰਵਿਧਾਨ ਦੇ ਖ਼ਿਲਾਫ਼: ਮਾਨ
…ਤੁਸੀਂ ਹਰ ਮਹੀਨੇ ‘ਮਨ ਕੀ ਬਾਤ’ ਕਰਦੇ ਹੋ, ਇਕ ਵਾਰ ਲੋਕਾਂ ਦੀ ‘ਮਨ ਕੀ ਬਾਤ’ ਸੁਣੋ, ਉਹ 140 ਕਰੋੜ ਲੋਕ ਹੀ ਅਗਲੇ ਪ੍ਰਧਾਨ ਮੰਤਰੀ ਦਾ ਫ਼ੈਸਲਾ ਕਰਨਗੇ: ਮਾਨ
ਨਵੀਂ ਦਿੱਲੀ/ਚੰਡੀਗੜ੍ਹ, 27 ਜੁਲਾਈ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਸਮਰਥਨ ‘ਚ ਸੰਸਦ ਕੰਪਲੈਕਸ ਪਹੁੰਚੇ। ਸੰਜੇ ਸਿੰਘ ਨੂੰ ਇਸ ਪੂਰੇ ਸੈਸ਼ਨ ਲਈ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਮਾਨ ਨੇ ਕਿਹਾ ਕਿ ਸਦਨ ਵਿੱਚ ਵਿਰੋਧੀ ਅਵਾਜ਼ਾਂ ਨੂੰ ਦਬਾਇਆ ਜਾਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਜਿਸ ਤਰ੍ਹਾਂ ਉਹ (ਭਾਜਪਾ ਸਰਕਾਰ) ਲੋਕਤੰਤਰ ਦੇ ਮੰਦਰ ਨੂੰ ਚਲਾ ਰਹੀ ਹੈ, ਇਸੇ ਕਾਰਨ ਅੱਜ ਦੇਸ਼ (ਮਨੀਪੁਰ) ਦੀ ਇਹ ਹਾਲਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਹੈ ਕਿ ਨਫ਼ਰਤ ਦੀ ਰਾਜਨੀਤੀ ਨਾਲ ਕੁਝ ਵੀ ਚੰਗਾ ਨਹੀਂ ਨਿਕਲਦਾ। ਅੱਜ ਮਨੀਪੁਰ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਵੀ ਧਰੁਵੀਕਰਨ ਦੀ ਸਸਤੀ ਰਾਜਨੀਤੀ ਦਾ ਨਤੀਜਾ ਹੈ।
ਸੰਜੇ ਸਿੰਘ ਦੀ ਮੁਅੱਤਲੀ ‘ਤੇ ਮਾਨ ਨੇ ਕਿਹਾ ਕਿ ਇਹ ਲੋਕਤੰਤਰ ਅਤੇ ਸੰਵਿਧਾਨ ਦੇ ਖ਼ਿਲਾਫ਼ ਹੈ, ਜਿਸ ਕਾਰਨ ਅੱਜ ਵਿਰੋਧੀ ਧਿਰ ਦੇ ਸਾਰੇ ਮੈਂਬਰ ਸੰਜੇ ਸਿੰਘ ਦੇ ਨਾਲ ਖੜ੍ਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਅੱਠ ਸਾਲ ਸੰਸਦ ਮੈਂਬਰ ਰਹੇ ਅਤੇ ਜਦੋਂ ਵਿਰੋਧੀ ਧਿਰ ਦੇ ਨੇਤਾ ਦੀ ਆਵਾਜ਼ ਹੀ ਨਹੀਂ ਸੁਣੀ ਜਾਂਦੀ ਤਾਂ ਉਹ ਜਨਤਾ ਦੇ ਅਹਿਮ ਮੁੱਦਿਆਂ ਨੂੰ ਉਠਾਉਣ ਲਈ ਆਪਣੀਆਂ ਸੀਟਾਂ ਛੱਡ ਦਿੰਦੇ ਹਨ।
ਰਾਜਪਾਲਾਂ ਦੀ ਦੁਰਵਰਤੋਂ ‘ਤੇ ਭਾਜਪਾ ਨੂੰ ਘੇਰਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਵਰਗੇ ਰਾਜਾਂ ‘ਚ ਜਿੱਥੇ ਗੈਰ-ਭਾਜਪਾ ਸਰਕਾਰ ਹੈ, ਉੱਥੇ ਰਾਜਪਾਲ ਸਰਕਾਰ ਨੂੰ ਸਹੀ ਢੰਗ ਨਾਲ ਕੰਮ ਕਰਨ ਅਤੇ ਵਧੀਆ ਕਾਰਗੁਜ਼ਾਰੀ ਕਰਨ ‘ਚ ਬੇਲੋੜੀ ਦਖ਼ਲਅੰਦਾਜ਼ੀ ਕਰਦੇ ਹਨ ਪਰ ਮਨੀਪੁਰ ‘ਚ ਜੋ ਤਿੰਨ ਮਹੀਨਿਆਂ ਤੋਂ ਸੜ ਰਿਹਾ ਹੈ, ਹੁਣ ਰਾਜਪਾਲ ਕਿੱਥੇ ਹੈ। ਮਾਨ ਨੇ ਕਿਹਾ ਕਿ ਮਨੀਪੁਰ ਵਿੱਚ ਤੁਰੰਤ ਪ੍ਰਭਾਵ ਨਾਲ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਿਰਫ਼ ਮਨੀਪੁਰ ਦਾ ਜ਼ਿਕਰ ਕਰਨ ‘ਚ 78 ਦਿਨ ਲੱਗ ਗਏ। ਜਦੋਂ ਭਾਰਤ ਦਾ ਅਨਿੱਖੜਵਾਂ ਅੰਗ ਮਨੀਪੁਰ ਸੜ ਰਿਹਾ ਸੀ, ਮੋਦੀ ਅਮਰੀਕਾ, ਫਰਾਂਸ ਅਤੇ ਯੂਏਈ ਦੇ ਦੌਰੇ ਵਿੱਚ ਰੁੱਝੇ ਹੋਏ ਸਨ। ਮਾਨ ਨੇ ਅੱਗੇ ਕਿਹਾ ਕਿ ਮਨੀਪੁਰ ਵਿੱਚ ਇੰਟਰਨੈੱਟ ‘ਤੇ ਪਾਬੰਦੀ ਹੈ ਅਤੇ ਹੁਣ ਤੱਕ ਸਿਰਫ਼ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਪੂਰੇ ਦੇਸ਼ ਨੂੰ ਡਰਾ ਦਿੱਤਾ ਹੈ, ਇਸ ਲਈ ਰਾਜ ਵਿੱਚ ਹਿੰਸਾ ਅਤੇ ਬੇਰਹਿਮੀ ਦੇ ਪੈਮਾਨੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਾਨ ਨੇ ਕਿਹਾ ਕਿ ਸਾਡੀ ਕੌਮ ਸਾਡੀਆਂ ਧੀਆਂ ਨਾਲ ਅਜਿਹੀ ਦੁਰਵਿਹਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਮਨੀਪੁਰ ਸਰਕਾਰ ਨੂੰ ਭੰਗ ਨਾ ਕਰਨ ਵਾਲੇ ਤਾਨਾਸ਼ਾਹਾਂ ਨੂੰ ਜਲਦੀ ਹੀ ਢੁਕਵਾਂ ਸਬਕ ਸਿਖਾਇਆ ਜਾਵੇਗਾ।
ਮਾਨ ਨੇ ਕਿਹਾ ਕਿ ਸੱਤਾ ਦੇ ਨਸ਼ੇ ‘ਚ ਧੁੱਤ ਭਾਜਪਾ ਕਿਸੇ ਦੀ ਨਹੀਂ ਸੁਣ ਰਹੀ। ਉਹ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀ ਵੀ ਪਾਲਣਾ ਨਹੀਂ ਕਰ ਰਹੇ ਹਨ। ਉਹ ਦਿੱਲੀ ‘ਤੇ ਆਰਡੀਨੈਂਸ ਲਿਆ ਰਹੇ ਹਨ, ਜਦਕਿ ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ਇਸ ਵਿਰੁੱਧ ਫ਼ੈਸਲਾ ਸੁਣਾਇਆ। ਉਨ੍ਹਾਂ ਕਿਹਾ, ਤੁਸੀਂ ਹਰ ਮਹੀਨੇ ‘ਮਨ ਕੀ ਬਾਤ’ ਕਰਦੇ ਹੋ, ਪਰ ਇਕ ਵਾਰ ਭਾਰਤ ਦੇ ਲੋਕਾਂ ਦੀ ‘ਮਨ ਕੀ ਬਾਤ’ ਸੁਣੋ, ਉਹੀ 140 ਕਰੋੜ ਲੋਕ ਜੋ ਅਗਲੀ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਫ਼ੈਸਲਾ ਕਰਨਗੇ।