ਆਪ ਨੇ ਦਿੱਲੀ ਪੁਲਿਸ ਉਪਰ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਦੇ ਦੋਸ਼ ਲਗਾਏ

0
239

ਨਵੀਂ ਦਿੱਲੀ,ਸਾਂਝੀ ਸੋਚ ਬਿਊਰੋ -ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਪੁਲਿਸ ’ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ ’ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ’ਚ ਪੁਲਿਸ ਸਿਸੋਦੀਆ ਨੂੰ ਰਾਓਜ ਐਵੇਨਿਊ ਕੋਰਟ ਦੇ ਅੰਦਰ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਪੱਤਰਕਾਰਾਂ ਨੇ ਸਿਸੋਦੀਆ ਨੂੰ ਕੇਂਦਰ ਦੇ ਆਰਡੀਨੈਂਸ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਵਿੱਚ ਸਿਸੋਦੀਆ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵਿੱਚ ਹੰਕਾਰ ਪੈਦਾ ਹੋ ਗਿਆ ਹੈ। ਜਿਵੇਂ ਹੀ ਉਨ੍ਹਾਂ ਨੇ ਇਹ ਕਿਹਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਬੋਲਣ ਤੋਂ ਰੋਕਿਆ ਅਤੇ ਉਨ੍ਹਾਂ ਦੇ ਗਲੇ ਦੇ ਪਿੱਛੇ ਤੋਂ ਕਾਲਰ ਫੜ ਕੇ ਉਨ੍ਹਾਂ ਨੂੰ ਘਸੀਟਿਆ। ਇਸ ਵੀਡੀਓ ਦੇ ਕੈਪਸ਼ਨ ’ਚ ‘ਆਪ’ ਨੇ ਲਿਖਿਆ ਹੈ, ‘ਦਿੱਲੀ ਪੁਲਿਸ ਅਤੇ ਨਰਿੰਦਰ ਮੋਦੀ ਸ਼ਰਮ ਕਰੋ। ਦਿੱਲੀ ਪੁਲਿਸ ਦੀ ਹਿੰਮਤ ਕਿਵੇਂ ਹੋਈ ਮਨੀਸ਼ ਸਿਸੋਦੀਆ ਨਾਲ ਅਜਿਹਾ ਵਿਵਹਾਰ ਕਰਨ ਦੀ? ਮੋਦੀ ਜੀ, ਸਾਰਾ ਦੇਸ਼ ਤੁਹਾਡੀ ਤਾਨਾਸ਼ਾਹੀ ਦੇਖ ਰਿਹਾ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਪਾਰਟੀ ਦਾ ਟਵਿੱਟਰ ਅਕਾਊਂਟ ਸਸਪੈਂਡ ਹੋ ਗਿਆ। ਹਾਲਾਂਕਿ ਬਾਅਦ ’ਚ ਖਾਤਾ ਬਹਾਲ ਕਰ ਦਿੱਤਾ ਗਿਆ।

ਆਮ ਆਦਮੀ ਪਾਰਟੀ ਨੇ ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀ ਵੀਡੀਓ ਸ਼ੇਅਰ ਕਰਕੇ ਪੁਲਿਸ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਵੀਡੀਓ ਵਿੱਚ ਪੁਲਿਸ ਸੁਕੇਸ਼ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਜਾ ਰਹੀ ਹੈ। ਇਸ ਦੌਰਾਨ ਸੁਕੇਸ ਮੀਡੀਆ ਦੇ ਸਾਹਮਣੇ ਅਰਵਿੰਦ ਕੇਜਰੀਵਾਲ ’ਤੇ ਇਲਜਾਮ ਲਾਉਂਦੇ ਹਨ ਪਰ ਪੁਲਿਸ ਉਨ੍ਹਾਂ ਨੂੰ ਬੋਲਣ ਤੋਂ ਨਹੀਂ ਰੋਕਦੀ।‘ਆਪ’ ਨੇ ਕਿਹਾ ਕਿ ਸਭ ਤੋਂ ਵੱਡੇ ਠੱਗ ਨੂੰ ਹਿਰਾਸਤ ’ਚ ਬਿਆਨ ਦੇਣ ਦੀ ਖੁੱਲ੍ਹ ਹੈ ਪਰ ਜਦੋਂ ਸਿਸੋਦੀਆ ਨੇ ਹਿਰਾਸਤ ’ਚ ਬਿਆਨ ਦਿੱਤਾ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ।‘ਆਪ’ ਦੇ ਦੋਸ਼ਾਂ ਤੋਂ ਬਾਅਦ ਦਿੱਲੀ ਪੁਲਿਸ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ- ਮਨੀਸ਼ ਸਿਸੋਦੀਆ ਨਾਲ ਰਾਓਜ ਐਵੇਨਿਊ ਕੋਰਟ ’ਚ ਪੇਸ਼ੀ ਦੇ ਸਮੇਂ ਪੁਲਿਸ ਦੇ ਦੁਰਵਿਵਹਾਰ ਦਾ ਮਾਮਲਾ ਪ੍ਰਾਪੇਗੰਡਾ ਹੈ। ਵੀਡੀਓ ’ਚ ਦਿਖਾਈ ਦੇ ਰਹੀ ਪੁਲਿਸ ਦੀ ਕਾਰਵਾਈ ਸੁਰੱਖਿਆ ਦੇ ਲਿਹਾਜ ਨਾਲ ਜ਼ਰੂਰੀ ਸੀ। ਮੁਲਜ਼ਮਾਂ ਵੱਲੋਂ ਹਿਰਾਸਤ ਦੌਰਾਨ ਮੀਡੀਆ ਨਾਲ ਗੱਲ ਕਰਨਾ ਕਾਨੂੰਨ ਦੇ ਖਿਲਾਫ਼ ਹੈ। ਰਿਓਜ ਐਵੇਨਿਊ ਅਦਾਲਤ ਨੇ ਮੰਗਲਵਾਰ ਨੂੰ ਸ਼ਰਾਬ ਨੀਤੀ ਘੁਟਾਲੇ ਵਿੱਚ ਈਡੀ ਵੱਲੋਂ ਦਾਇਰ ਕੇਸ ਵਿੱਚ ਮਨੀਸ਼ ਸਿਸੋਦੀਆ ਦੀ ਹਿਰਾਸਤ 1 ਜੂਨ ਤੱਕ ਵਧਾ ਦਿੱਤੀ ਹੈ। ਬੀਤੀ 19 ਮਈ ਨੂੰ ਸਰਾਬ ਨੀਤੀ ਮਾਮਲੇ ਵਿੱਚ ਈਡੀ ਅਤੇ ਸੀਬੀਆਈ ਵੱਲੋਂ ਦਾਇਰ ਚਾਰਜਸੀਟਾਂ ’ਤੇ ਸੁਣਵਾਈ ਹੋਈ।

LEAVE A REPLY

Please enter your comment!
Please enter your name here