‘ਆਪ’ ਨੇ ਬਿਕਰਮ ਮਜੀਠੀਆ ‘ਤੇ ਲਾਏ ਗੰਭੀਰ ਦੋਸ਼, ਕਿਹਾ- ਦਿਆਲਪੁਰਾ ‘ਚ ਇਨਸਾਫ਼ ਮੰਗ ਰਹੀਆਂ ਕੁੜੀਆਂ ਨੂੰ ਆਪਣੇ ਗੁੰਡਿਆਂ ਤੋਂ ਕੁੱਟਵਾਇਆ

0
276

ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਦਲ ਹਾਰ ਤੋਂ ਡਰਿਆ ਹੋਇਆ ਹੈ, ਇਸੇ ਲਈ ਹੁਣ ਲੋਕਾਂ ‘ਤੇ ਸਰੀਰਕ ਤਸ਼ੱਦਦ ਕਰ ਰਿਹਾ ਹੈ-ਹਰਪਾਲ ਸਿੰਘ ਚੀਮਾ

-ਅਕਾਲੀ ਦਲ ਅਤੇ ਬਿਕਰਮ ਮਜੀਠੀਆ ਇਸ ਘਟਨਾ ਲਈ ਤੁਰੰਤ ਮੁਆਫੀ ਮੰਗਣ, ਨਹੀਂ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ – ਹਰਪਾਲ ਚੀਮਾ

ਜਲੰਧਰ, 8 ਮਈ

ਆਮ ਆਦਮੀ ਪਾਰਟੀ (ਆਪ) ਨੇ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ‘ਤੇ ਗੰਭੀਰ ਦੋਸ਼ ਲਾਏ ਹਨ। ‘ਆਪ’ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰਤਾਰਪੁਰ ਖੇਤਰ ਦੇ ਪਿੰਡ ਦਿਆਲਪੁਰਾ ਵਿੱਚ ਬਿਕਰਮ ਮਜੀਠੀਆ ਨੇ ਜ਼ਮੀਨ ‘ਤੇ ਆਪਣੇ ਹੱਕ ਲਈ ਪ੍ਰਦਰਸ਼ਨ ਕਰ ਰਹੀਆਂ ਲੜਕੀਆਂ ਅਤੇ ਔਰਤਾਂ ਦੀ ਕੁੱਟਮਾਰ ਕੀਤੀ।

ਸੋਮਵਾਰ ਨੂੰ ਜਲੰਧਰ ‘ਚ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਦੇ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕਰਤਾਰਪੁਰ ਦੇ ਪਿੰਡ ਦਿਆਲਪੁਰਾ ‘ਚ 17.5 ਏਕੜ ਜ਼ਮੀਨ ‘ਤੇ ਆਪਣੇ ਹੱਕ ਲਈ ਸਥਾਨਕ ਮਜ਼ਦੂਰ ਯੂਨੀਅਨ ਅਤੇ ਵਿਦਿਆਰਥੀ ਯੂਨੀਅਨ ਨਾਲ ਮਿਲ ਕੇ ਸੈਂਕੜੇ ਲੜਕੀਆਂ ਅਤੇ ਔਰਤਾਂ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਬਿਕਰਮ ਮਜੀਠੀਆ ਦੇ ਗੁੰਡੇ ਉੱਥੇ ਪਹੁੰਚ ਗਏ ਅਤੇ ਔਰਤਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਚੀਮਾ ਨੇ ਇਸ ਘਟਨਾ ਦੀ ਵੀਡੀਓ ਵੀ ਮੀਡੀਆ ਦੇ ਸਾਹਮਣੇ ਦਿਖਾਈ ਜਿਸ ਵਿੱਚ ਕੁਝ ਲੋਕ ਉੱਥੇ ਮੌਜੂਦ ਔਰਤਾਂ ਅਤੇ ਲੜਕੀਆਂ ਨਾਲ ਹਾਥਾਪਾਈ ਕਰਦੇ ਨਜ਼ਰ ਆਏ। ਚੀਮਾ ਨੇ ਕਿਹਾ ਕਿ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਦਲ ਜਲੰਧਰ ਉਪ ਚੋਣ ਬੁਰੀ ਤਰ੍ਹਾਂ ਹਾਰ ਰਿਹਾ ਹੈ। ਹਾਰ ਦੇ ਡਰ ਕਾਰਨ ਉਹ ਇੰਨਾ ਗੁੱਸੇ ‘ਚ ਹੈ ਕਿ ਹੁਣ ਉਹ ਲੋਕਾਂ ‘ਤੇ ਸਰੀਰਕ ਤਸ਼ੱਦਦ ਕਰ ਰਿਹਾ ਹੈ।

ਹਰਪਾਲ ਚੀਮਾ ਨੇ ਅਕਾਲੀ ਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦਾ ਸ਼ੁਰੂ ਤੋਂ ਹੀ ਰਵੱਈਆ ਆਪਣੇ ਗੁੰਡਿਆਂ ਰਾਹੀਂ ਲੋਕਾਂ ਦੇ ਰੋਸ ਦੀ ਆਵਾਜ਼ ਨੂੰ ਦਬਾਉਣ ਦਾ ਰਿਹਾ ਹੈ। ਪਰ ਹੁਣ ਅਸੀਂ ਇਨ੍ਹਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਾਡੀ ਸਰਕਾਰ ਪੰਜਾਬ ਦੇ ਲੋਕਾਂ ‘ਤੇ ਹੋਰ ਅੱਤਿਆਚਾਰ ਨਹੀਂ ਹੋਣ ਦੇਵੇਗੀ।

ਮੰਤਰੀ ਹਰਪਾਲ ਚੀਮਾ ਨੇ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਘਟਨਾ ਲਈ ਤੁਰੰਤ ਲੜਕੀਆਂ ਤੋਂ ਮੁਆਫ਼ੀ ਮੰਗਣ, ਨਹੀਂ ਤਾਂ ਇਸ ਮਾਮਲੇ ਵਿੱਚ ਸ਼ਾਮਲ ਸਭ ਲੋਕਾਂ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here