ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿਆਸਤਦਾਨਾਂ ਤੋਂ ਪ੍ਰਭਾਵਿਤ ਨਾ ਹੋ ਕੇ ਰੰਧਾਵਾ ਦੇ ਪੁੱਤਰ ਖਿਲਾਫ ਕਰਨੀ ਚਾਹੀਦੀ ਹੈ ਕਾਰਵਾਈ: ਕੰਗ
ਸੁਖਜਿੰਦਰ ਰੰਧਾਵਾ ਦਾ ਪੁੱਤਰ ਲੋਕਾਂ ਨੂੰ ਡਰਾਉਣ ਲਈ ਆਪਣੀ ਸੁਰੱਖਿਆ ਦੀ ਕਰ ਰਿਹਾ ਦੁਰਵਰਤੋਂ, ਰੰਧਾਵਾ ਆਪਣੇ ਪੁੱਤਰ ਨੂੰ ਬਚਾਉਣ ਲਈ ਪੁਲਿਸ ਨੂੰ ਡਰਾਉਣ ਦੀ ਕਰ ਰਹੇ ਹਨ ਕੋਸ਼ਿਸ਼ : ਮਲਵਿੰਦਰ ਸਿੰਘ ਕੰਗ
ਚੰਡੀਗੜ੍ਹ, 24 ਅਗਸਤ
ਆਮ ਆਦਮੀ ਪਾਰਟੀ (ਆਪ) ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਦੀ ਗੁੰਡਾਗਰਦੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ‘ਤੇ ਤਿੱਖਾ ਹਮਲਾ ਕੀਤਾ ਹੈ। ਸੁਖਜਿੰਦਰ ਰੰਧਾਵਾ ਦੇ ਪੁੱਤਰ ਨੇ ਆਪਣੇ ਪਿਤਾ ਦੀ ਸੁਰੱਖਿਆ ਦੀ ਦੁਰਵਰਤੋਂ ਕਰਦਿਆਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
ਪਾਰਟੀ ਦਫ਼ਤਰ ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਲੋਕ ਹੁਣ ‘ਸਾਬਕਾ’ ਹਨ ਅਤੇ ਇਨ੍ਹਾਂ ਕੋਲ ਕੋਈ ਤਾਕਤ ਨਹੀਂ ਹੈ ਪਰ ਫਿਰ ਵੀ ਇਨ੍ਹਾਂ ਦੇ ਪੁੱਤਰ/ਪਰਿਵਾਰਕ ਮੈਂਬਰ ਗੁੰਡਿਆਂ ਵਾਂਗ ਵਿਵਹਾਰ ਕਰ ਰਹੇ ਹਨ ਅਤੇ ਆਮ ਲੋਕਾਂ ਨਾਲ ਇਸ ਤਰ੍ਹਾਂ ਦੁਰਵਿਵਹਾਰ ਕਰ ਰਹੇ ਹਨ। ਸੱਤਾ ਵਿਚ ਰਹਿੰਦਿਆਂ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਸਨ, ਇਸ ਦਾ ਅੰਦਾਜ਼ਾਇਸ ਤੋਂ ਲਗਾਇਆ ਜਾ ਸਕਦਾ ਹੈ।
ਕੰਗ ਨੇ ਅੱਗੇ ਕਿਹਾ ਕਿ ਪੁਲਿਸ ਨੂੰ ਕਾਨੂੰਨ ਅਨੁਸਾਰ ਆਪਣਾ ਕੰਮ ਕਰਨ ਦੇਣ ਦੀ ਬਜਾਏ ਸੁਖਜਿੰਦਰ ਰੰਧਾਵਾ ਸਾਰੀ ਰਾਤ ਸੈਕਟਰ 17 ਦੇ ਥਾਣੇ ਵਿੱਚ ਮੌਜੂਦ ਸੀ ਤਾਂ ਜੋ ਕਾਰਵਾਈ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਅਤੇ ਪੁਲਿਸ ਮੁਲਾਜ਼ਮਾਂ ਨੂੰ ਡਰਾਇਆ ਜਾ ਸਕੇ। ਉਨ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ, ਰਾਜਪਾਲ ਤੋਂ ਮੰਗ ਕੀਤੀ ਕਿ ਜ਼ਖ਼ਮੀ ਵਿਦਿਆਰਥੀ ਨੂੰ ਇਨਸਾਫ਼ ਦਿਵਾਇਆ ਜਾਵੇ।
ਕੰਗ ਨੇ ਕਿਹਾ ਕਿ ਹੁਣ ਜਦੋਂ ਮਾਨ ਸਰਕਾਰ ਪੰਜਾਬ ਵਿੱਚ ਅਜਿਹੀਆਂ ਗੁੰਡਾਗਰਦੀ ਦੀਆਂ ਕਾਰਵਾਈਆਂ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਇਹ ਲੋਕ ਚੰਡੀਗੜ੍ਹ ਚਲੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਰੰਧਾਵਾ ਦਾ ਪੁੱਤਰ ਗੁੰਡਾ ਹੈ ਕਿਉਕਿ ਉਸ ਦਾ ਪਿਤਾ ਖੁਦ ਜੇਲ੍ਹ ਮੰਤਰੀ ਅਤੇ ਸੂਬੇ ਦਾ ਡਿਪਟੀ ਸੀਐਮ ਹੁੰਦਿਆਂ ਅੰਸਾਰੀ ਵਰਗੇ ਗੈਂਗਸਟਰਾਂ ਦੀ ਸਰਪ੍ਰਸਤੀ ਕਰ ਰਿਹਾ ਸੀ।