‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪੰਨੂ ਨੂੰ ਦਿੱਤੀ ਚੁਣੌਤੀ, ਕਿਹਾ- ਜੇਕਰ ਹਿੰਮਤ ਹੈ ਤਾਂ ਉਹ ਖ਼ੁਦ ਆਵੇ ਪੰਜਾਬ

0
29

‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪੰਨੂ ਨੂੰ ਦਿੱਤੀ ਚੁਣੌਤੀ, ਕਿਹਾ- ਜੇਕਰ ਹਿੰਮਤ ਹੈ ਤਾਂ ਉਹ ਖ਼ੁਦ ਆਵੇ ਪੰਜਾਬ

‘ਆਪ’ ਨੇ ਡਾ. ਬੀ.ਆਰ. ਅੰਬੇਡਕਰ ਵਿਰੁੱਧ ਗੁਰਪਤਵੰਤ ਪੰਨੂ ਦੇ ਬਿਆਨ ਦੀ ਕੀਤੀ ਸਖ਼ਤ ਨਿੰਦਾ

“ਪੰਨੂ ਸਿੱਖਾਂ ਲਈ ਨਿਆਂ ਦੀ ਗੱਲ ਕਰਦਾ ਹੈ, ਪਰ ਉਹ ਖ਼ੁਦ ਸਿੱਖ ਧਰਮ ਦਾ ਸਤਿਕਾਰ ਨਹੀਂ ਕਰਦਾ” – ਅਮਨ ਅਰੋੜਾ

ਅਮਨ ਅਰੋੜਾ ਨੇ ਕਿਹਾ, ‘ਆਪ’ ਵਰਕਰ 14 ਅਪ੍ਰੈਲ ਨੂੰ ਡਾ. ਅੰਬੇਡਕਰ ਦੇ ਬੁੱਤਾਂ ਦੀ ਕਰਨਗੇ ਰੱਖਿਆ- ਅਰੋੜਾ

ਚੰਡੀਗੜ੍ਹ, 2 ਅਪ੍ਰੈਲ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਪੁਰਸਕਾਰ ਜੇਤੂ ਡਾ. ਬੀ.ਆਰ. ਅੰਬੇਡਕਰ ਵਿਰੁੱਧ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ ਹੈ।

ਚੰਡੀਗੜ੍ਹ ਵਿਖੇ ‘ਆਪ’ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਆਗੂ ਨੀਲ ਗਰਗ ਅਤੇ ਡਾ. ਸੰਨੀ ਆਹਲੂਵਾਲੀਆ ਨਾਲ ਮਿਲ ਕੇ ਪੰਨੂ ‘ਤੇ ਵਰ੍ਹਦਿਆਂ ਉਸ ਨੂੰ “ਦੇਸ਼-ਧ੍ਰੋਹੀ” ਅਤੇ “ਭਗੌੜਾ” ਕਰਾਰ ਦਿੱਤਾ ਜੋ ਵਿਦੇਸ਼ੀ ਧਰਤੀ ਤੋਂ ਭਾਰਤੀਆਂ ਵਿੱਚ ਨਫ਼ਰਤ ਅਤੇ ਵੰਡ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅਮਨ ਅਰੋੜਾ ਨੇ ਕਿਹਾ, “ਡਾ. ਬੀ.ਆਰ. ਅੰਬੇਡਕਰ ਸਿਰਫ਼ ਦਲਿਤ ਭਾਈਚਾਰੇ ਦਾ ਮਾਣ ਨਹੀਂ ਹਨ, ਸਗੋਂ ਪੂਰੇ ਦੇਸ਼ ਦਾ ਮਾਣ ਹਨ। ਉਹ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੇ ਪ੍ਰਤੀਕ ਹਨ, ਅਤੇ ਇਹ ਉਨ੍ਹਾਂ ਦੇ ਦ੍ਰਿਸ਼ਟੀਕੋਣ ਕਾਰਨ ਹੈ ਕਿ ਭਾਰਤ ਅੱਜ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਯੋਗਦਾਨ ਨੇ ਆਮ ਨਾਗਰਿਕਾਂ ਨੂੰ ਪ੍ਰਮੁੱਖ ਅਹੁਦਿਆਂ ‘ਤੇ ਪਹੁੰਚਣ ਅਤੇ ਦੇਸ਼ ਦੀ ਸੇਵਾ ਕਰਨ ਦਾ ਅਧਿਕਾਰ ਦਿੱਤਾ ਹੈ।”

ਪੰਨੂ ਦੇ ਫੁੱਟ ਪਾਊ ਏਜੰਡੇ ਦੀ ਨਿੰਦਾ ਕਰਦੇ ਹੋਏ ਅਰੋੜਾ ਨੇ ਅੱਗੇ ਕਿਹਾ ਕਿ ਦੇਸ਼ ਤੋਂ ਦੂਰ ਬੈਠੇ ਲੋਕਾਂ ਨੂੰ ਲੋਕਾਂ ਵਿੱਚ ਨਫ਼ਰਤ ਫੈਲਾਉਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਪੰਨੂ ਦੇ ਪਖੰਡ ਦੀ ਆਲੋਚਨਾ ਕਰਦਿਆਂ ਕਿਹਾ, “ਪੰਨੂ ਸਿੱਖਾਂ ਲਈ ਨਿਆਂ ਦੀ ਗੱਲ ਕਰਦਾ ਹੈ, ਪਰ ਉਹ ਖ਼ੁਦ ਸਿੱਖ ਧਰਮ ਦਾ ਸਤਿਕਾਰ ਨਹੀਂ ਕਰਦਾ।”

ਅਰੋੜਾ ਨੇ ਸਿੱਖ ਧਰਮ ਦੀਆਂ ਵਿਸ਼ਵ-ਵਿਆਪੀ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦਿਆਂ ਕਿਹਾ, “ਸਿੱਖ ਧਰਮ ਇੱਕ ਮਹਾਨ ਧਰਮ ਹੈ ਜੋ ਸਮਾਨਤਾ ਨੂੰ ਕਾਇਮ ਰੱਖਦਾ ਹੈ ਅਤੇ ਜਾਤ ਅਤੇ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਭਾਈਚਾਰਿਆਂ ਦੀ ਭਲਾਈ ਦਾ ਪ੍ਰਚਾਰ ਕਰਦਾ ਹੈ। ਪਰੰਤੂ ਪੰਨੂ ਸਮਾਜ ਵਿੱਚ ਵੰਡ ਪਾਉਣ ਲਈ ਸਿੱਖ ਧਰਮ ਦੇ ਨਾਮ ਦੀ ਵਰਤੋਂ ਕਰ ਰਿਹਾ ਹੈ।”

ਪੰਨੂ ਵੱਲੋਂ 14 ਅਪ੍ਰੈਲ ਨੂੰ ਅੰਬੇਡਕਰ ਦੇ ਬੁੱਤਾਂ ਨੂੰ ਢਹਿ-ਢੇਰੀ ਕਰਨ ਦੇ ਕਥਿਤ ਸੱਦੇ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ, ਅਮਨ ਅਰੋੜਾ ਨੇ ਉਸ ਨੂੰ ਇੱਕ ਖੁੱਲ੍ਹੀ ਚੁਣੌਤੀ ਦਿੱਤੀ।ਅਰੋੜਾ ਨੇ ਐਲਾਨ ਕੀਤਾ “ਉਸ ਨੇ (ਪਨੂੰ) 14 ਅਪ੍ਰੈਲ ਨੂੰ ਅੰਬੇਡਕਰ ਦੇ ਬੁੱਤਾਂ ਨੂੰ ਢਾਹੁਣ ਦਾ ਸੱਦਾ ਦਿੱਤਾ ਹੈ। ਮੈਂ ਉਸ ਨੂੰ ਚੁਣੌਤੀ ਦਿੰਦਾ ਹਾਂ – ਜੇਕਰ ਤੇਰੇ ਵਿੱਚ ਹਿੰਮਤ ਹੈ, ਤਾਂ ਖ਼ੁਦ ਇੱਥੇ ਆ। ਉਸ ਦਿਨ, ਹਜ਼ਾਰਾਂ ‘ਆਪ’ ਵਰਕਰ ਪੰਜਾਬ ਭਰ ਵਿੱਚ ਹਰ ਅੰਬੇਡਕਰ ਦੇ ਬੁੱਤ ‘ਤੇ ਝੰਡੇ ਅਤੇ ਡੰਡੇ ਲੈ ਕੇ ਪਹਿਰਾ ਦੇਣਗੇ, ਜੋ  ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ ਅਤੇ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਦੇਣਗੇ,”।

ਉਨ੍ਹਾਂ ਐਲਾਨ ਕੀਤਾ ਕਿ ‘ਆਪ’ ਦੇ ਐਸਸੀ ਵਿੰਗ ਦੇ ਵਲੰਟੀਅਰ ਅਤੇ ਪਾਰਟੀ ਵਰਕਰ ਅਜਿਹੇ ਨਫ਼ਰਤ ਭਰੇ ਅਨਸਰਾਂ ਨੂੰ ਢੁਕਵਾਂ ਜਵਾਬ ਦੇਣਗੇ। ਉਨ੍ਹਾਂ ਦੁਹਰਾਇਆ, “ਪੰਨੂ ਨਫ਼ਰਤ ਬੀਜਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਪੰਜਾਬ ਇਕ ਹੈ ਅਤੇ ਇੱਥੇ ਸਿਰਫ਼ ਤਰੱਕੀ ਹੀ ਅੱਗੇ ਵਧੇਗੀ।”

LEAVE A REPLY

Please enter your comment!
Please enter your name here