ਆਪ’ ਸਰਕਾਰ ਵੱਲੋਂ ਅਸ਼ਲੀਲ ਵੀਡੀਓ ਮਾਮਲੇ ’ਚ ਮੰਤਰੀ ਦਾ ਬਚਾਅ ਕਰਨਾ ਪੰਜਾਬੀ ਸੰਸਕ੍ਰਿਤੀ ’ਤੇ ਘਾਤਕ ਹਮਲਾ : ਪ੍ਰੋ. ਸਰਚਾਂਦ ਸਿੰਘ ।

0
169

ਸਾਦਗੀ ਦਾ ਹੋਕੇ ਦੇਣ ਵਾਲੇ ਕੇਜਰੀਵਾਲ ਨੇ ਸਰਕਾਰੀ ਬੰਗਲੇ ’ਤੇ ਭਾਰੀ ਖ਼ਰਚਾ ਕਰਕੇ ਲੋਕਾਂ ਦੇ ਭਰੋਸੇ ਦਾ ਕਤਲ ਕੀਤਾ। ਜਲੰਧਰ ’ਚ ਭਾਜਪਾ ਨੂੰ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਕਾਰਨ ਭਾਜਪਾ ਉਮੀਦਵਾਰ ਅਟਵਾਲ ਦੀ ਜਿੱਤ ਯਕੀਨੀ ।
ਯੌਨ ਸ਼ੋਸ਼ਣ ਨਾਲ ਪੀੜਤ ਦਲਿਤ ਨੌਜਵਾਨ ਨੂੰ ਇਨਸਾਫ਼ ਨਾ ਦੇਣ ਨਾਲ ਕੇਜਰੀਵਾਲ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ।
ਅੰਮ੍ਰਿਤਸਰ 8 ਮਈ-ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਦਲਿਤ ਨੌਜਵਾਨ ਦੇ ਜਿਨਸੀ ਸ਼ੋਸ਼ਣ ਦੇ ਸ਼ਰਮਨਾਕ ਅਸ਼ਲੀਲ ਵੀਡੀਓ ਮਾਮਲੇ ’ਚ ਗਵਾਹ ਦੇ ਸਾਹਮਣੇ ਆਉਣ ’ਤੇ ਵੀ ਪੰਜਾਬ ਦੀ ’ਆਪ’ ਸਰਕਾਰ ਵੱਲੋਂ ਸਬੰਧਿਤ ਮੰਤਰੀ ਖ਼ਿਲਾਫ਼ ਕਾਰਵਾਈ ਨਾ ਕਰਕੇ ਉਸ ਦਾ ਬਚਾਅ ਕਰਨਾ ਪੰਜਾਬੀ ਕਿਰਦਾਰ, ਸਭਿਅਤਾ ਅਤੇ ਸੰਸਕ੍ਰਿਤੀ ’ਤੇ ਮਾਰੂ ਹਮਲਾ ਹੈ।
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਚੋਣ ਮੁਹਿੰਮ ’ਚ ਹਿੱਸਾ ਲੈਣ ਉਪਰੰਤ ਅੰਮ੍ਰਿਤਸਰ ਪਰਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਾਜਪਾ ਨੂੰ ਜਲੰਧਰ ’ਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਲਈ ਭਾਜਪਾ ਉਮੀਦਵਾਰ ਦੀ ਜਿੱਤ ਯਕੀਨੀ ਹੈ। ਇਸ ਮੌਕੇ ਭਾਜਪਾ ਆਗੂ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ, ਆਲਮਬੀਰ ਸਿੰਘ ਸੰਧੂ, ਰਾਜਕੁਮਾਰ ਅਟਵਾਲ, ਡਾ. ਜਤਿੰਦਰ ਕੁਮਾਰ, ਅਰੁਣ ਸ਼ਰਮਾ ਆਦਿ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦਵਾਰ ਦੇ ਮਰਹੂਮ ਪਤੀ ਨੇ ਲੋਕ ਸਭਾ ਮੈਂਬਰ ਹੁੰਦਿਆਂ ਪਿਛਲੇ 9 ਸਾਲਾਂ ’ਚ ਜਲੰਧਰ ਦੇ ਵਿਕਾਸ ਲਈ ਕੋਈ ਦਿਲਚਸਪੀ ਨਹੀਂ ਦਿਖਾਈ, ਭਾਜਪਾ ਨੂੰ ਵਿਕਾਸ ਲਈ ਕੇਵਲ 9 ਮਹੀਨਿਆਂ ਦਾ ਸਮਾਂ ਚਾਹੀਦਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਵਿਸ਼ਵ ਭਰ ’ਚ ਪੰਜਾਬੀ ਆਪਣੀ ਸੰਸਕ੍ਰਿਤੀ ਅਤੇ ਸਮਾਜਿਕ ਕਦਰਾਂ ਕੀਮਤਾਂ ਲਈ ਜਾਣਿਆ ਜਾਂਦਾ ਹੈ। ਅਸ਼ਲੀਲ ਵੀਡੀਓ ਮਾਮਲੇ ’ਚ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਸਾਥੀ ਅਤੇ ਸਮਰਥਕ ਨਮੋਸ਼ੀ ਅਤੇ ਸ਼ਰਮ ਮਹਿਸੂਸ ਕਰਦੇ ਹੋਏ ਸ਼ਹਿਰ ਵਾਸੀਆਂ ਵੱਲੋਂ ਪਠਾਨਕੋਟ ’ਚ ਕੱਢੇ ਜਾ ਰਹੇ ਰੋਸ ਮੁਜ਼ਾਹਰਿਆਂ ’ਚ ਸ਼ਮੂਲੀਅਤ ਕਰ ਰਹੇ ਹਨ ਅਤੇ ਮੰਤਰੀ ਦਾ ਅਸਤੀਫ਼ਾ ਮੰਗ ਰਹੇ ਹਨ, ਪਰ ਪੰਜਾਬ ਦੀ ’ਆਪ’ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਨੂੰ ਲੋਕ ਜਜ਼ਬਾਤਾਂ ਦੀ ਨਾ ਕੋਈ ਕਦਰ ਹੈ ਅਤੇ ਨਾ ਹੀ ਕੋਈ ਪ੍ਰਵਾਹ ਹੈ। ਸੈਕਸ ਸ਼ੋਸ਼ਣ ਨਾਲ ਪੀੜਤ ਇਕ ਦਲਿਤ ਨੂੰ ਇਨਸਾਫ਼ ਨਾ ਦੇਣ ਕਰਕੇ ਕੇਜਰੀਵਾਲ ਦਾ ਦਲਿਤ ਵਿਰੋਧੀ ਚਿਹਰਾ ਵੀ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਝੂਠੇ ਦਾਅਵਿਆਂ ’ਤੇ ਯਕੀਨ ਕਰਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਵਾਲੇ ਲੋਕ ਅੱਜ ’ਆਪ’ ਦੀ ਮਾੜੀ ਕਾਰਗੁਜ਼ਾਰੀ ਤੋਂ ਬਹੁਤ ਔਖੇ ਹਨ। ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਾ ਉੱਤਰਨ ਵਾਲੀ ’ਆਪ’ ਪਾਰਟੀ ਅੱਜ ਤੇਜ਼ੀ ਨਾਲ ਰਾਜਸੀ ਪਤਨ ਵਲ ਵੱਧ ਰਹੀ ਹੈ। ਵਿਡੰਬਣਾ ਇਹ ਹੈ ਕਿ ਕਾਂਗਰਸ ਦੇ ਭ੍ਰਿਸ਼ਟਾਚਾਰ ਵਿਰੁੱਧ ਸਿਆਸੀ ਬਦਲਾਅ ਦੇ ਨਾਂ ’ਤੇ ਹੋਂਦ ’ਚ ਆਈ ’ਆਪ’ ਇਤਿਹਾਸ ਦੀ ਉਹ ਪਹਿਲੀ ਰਾਜਸੀ ਪਾਰਟੀ ਬਣ ਗਈ ਹੈ, ਜਿਸ ਨੇ ਜਨਮ ਤੋਂ ਤੁਰੰਤ ਬਾਅਦ ਘੁਟਾਲਿਆਂ, ਭ੍ਰਿਸ਼ਟਾਚਾਰ, ਹਵਾਲਾ ਰਾਜ਼ੀ, ਜਬਰੀ ਵਸੂਲੀਆਂ ਅਤੇ ਸੈਕਸ ਸ਼ੋਸ਼ਣ ਤੋਂ ਲੈ ਕੇ ਹੁਣ ਸਮਲਿੰਗੀ ਸਬੰਧਾਂ ਦੇ ਦੋਸ਼ਾਂ ਨਾਲ ਬਦਨਾਮ ਤੇ ਬਦਹਾਲ ਹੈ। ਸ਼ਰੀਫ਼ ਲੋਕ ਜਿਸ ਦੇ ਨੇੜੇ ਜਾਣ ਤੋਂ ਵੀ ਡਰਦੇ ਤੇ ਝਿਜਕਦੇ ਹਨ। ਦੋ ਕਮਰਿਆਂ ’ਚ ਰਿਹਾਇਸ਼ ਰੱਖਣ ਅਤੇ ਸਾਦਗੀ ਦਾ ਹੋਕੇ ਦੇਣ ਵਾਲੇ ਅਰਵਿੰਦ ਕੇਜਰੀਵਾਲ ਵੱਲੋਂ ਮਹਿਲ ਨੁਮਾ ਸਰਕਾਰੀ ਬੰਗਲੇ ਦੀ ਨਵੀਨੀਕਰਨ ਤੇ ਵਿਸਥਾਰ ’ਤੇ ਲੋਕਾਂ ਤੋਂ ਟੈਕਸਾਂ ਰਾਹੀਂ ਇਕੱਠੇ ਕੀਤੇ ਗਏ ਸਰਕਾਰੀ ਖ਼ਜ਼ਾਨੇ ਵਿਚੋਂ ਕਥਿਤ ਤੌਰ ’ਤੇ 171 ਕਰੋੜ ਰੁਪਏ ਦੀ ਭਾਰੀ ਰਕਮ ਖ਼ਰਚੇ ਜਾਣ ’ਤੇ ਲੋਕ ਆਪਣੇ ਆਪ ਨੂੰ ਠਗਿਆ ਗਿਆ ਮਹਿਸੂਸ ਕਰ ਰਹੇ ਹਨ। ਪੰਜਾਬ ਦੀ ’ਆਪ’ ਸਰਕਾਰ ਅਤੇ ਕੇਜਰੀਵਾਲ ਨੂੰ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਲਈ ਜਲੰਧਰ ਦੇ ਲੋਕਾਂ ਨੇ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ।

LEAVE A REPLY

Please enter your comment!
Please enter your name here