‘ਆਪ’ ਸਾਂਸਦ ਮੀਤ ਹੇਅਰ ਨੇ ਲੋਕ ਸਭਾ ‘ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਉਠਾਇਆ ਮੁੱਦਾ

0
41

‘ਆਪ’ ਸਾਂਸਦ ਮੀਤ ਹੇਅਰ ਨੇ ਲੋਕ ਸਭਾ ‘ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਉਠਾਇਆ ਮੁੱਦਾ

ਮੀਤ ਹੇਅਰ ਨੇ ਸੰਸਦ ਨੂੰ ਪੰਜਾਬ ਸਰਕਾਰ ਦੀ ਰੋਡ ਸੇਫ਼ਟੀ ਫੋਰਸ ਬਾਰੇ ਦੱਸਿਆ, ਕਿਹਾ- ਇਸ ਨਾਲ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 47 ਫ਼ੀਸਦੀ ਆਈ ਕਮੀ

ਰੋਡ ਸੇਫ਼ਟੀ ਫੋਰਸ ਦੇ ਗਠਨ ਲਈ ਪੰਜਾਬ ਸਰਕਾਰ ਦੀ ਵੀ ਕੀਤੀ ਸ਼ਲਾਘਾ

ਚੰਡੀਗੜ੍ਹ, 12 ਦਸੰਬਰ 2024

ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਦੇਸ਼ ਭਰ ਵਿੱਚ ਸੜਕ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਦਾ ਮੁੱਦਾ ਉਠਾਇਆ ਅਤੇ ਇਸ ’ਤੇ ਡੂੰਘੀ ਚਿੰਤਾ ਪ੍ਰਗਟਾਈ।

ਮੀਤ ਹੇਅਰ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਇਸ ਬਾਰੇ ਸਵਾਲ ਕੀਤਾ ਅਤੇ ਨੈਸ਼ਨਲ ਹਾਈਵੇਅ ਨੂੰ ਤੇਜ਼ੀ ਨਾਲ ਬਣਾਉਣ ਦੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ। ਹੇਅਰ ਨੇ ਕਿਹਾ ਕਿ ਹਾਈਵੇਅ ‘ਤੇ ਤੇਜ਼ ਰਫ਼ਤਾਰ ਕਾਰਨ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਹਰ ਵਿਅਕਤੀ ਦੀ ਜ਼ਿੰਦਗੀ ਬਹੁਤ ਕੀਮਤੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਕਰੀਬ 2.25 ਲੱਖ ਲੋਕ ਵੱਖ-ਵੱਖ ਸੜਕ ਹਾਦਸਿਆਂ ਵਿੱਚ ਮਾਰੇ ਜਾਂਦੇ ਹਨ। ਪਿਛਲੇ ਦਸ ਸਾਲਾਂ ਵਿੱਚ ਕਰੀਬ 15 ਲੱਖ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਹੁਣ ਵੀ ਇਸ ਕਾਰਨ ਦੇਸ਼ ਵਿੱਚ ਹਰ ਰੋਜ਼ 400 ਦੇ ਕਰੀਬ ਮੌਤਾਂ ਹੋ ਰਹੀਆਂ ਹਨ।

ਮੀਤ ਹੇਅਰ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਰੋਡ ਸੇਫ਼ਟੀ ਫੋਰਸ ਬਾਰੇ ਸੰਸਦ ਵਿੱਚ ਦੱਸਿਆ ਅਤੇ ਕਿਹਾ ਕਿ ਇਸ ਫੋਰਸ ਦੇ ਬਣਨ ਤੋਂ ਬਾਅਦ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 47 ਫ਼ੀਸਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਨੂੰ ਵੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਜਾਂ ਕੇਂਦਰ ਸਰਕਾਰ ਨੂੰ ਇਸ ਸਬੰਧੀ ਨੀਤੀ ਬਣਾਉਣੀ ਚਾਹੀਦੀ ਹੈ।

ਮੀਤ ਹੇਅਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੀ ਸ਼ਲਾਘਾ ਕੀਤੀ ਅਤੇ ਜਾਨਾਂ ਬਚਾਉਣ ਲਈ ਇਸ ਦਾ ਧੰਨਵਾਦ ਕੀਤਾ। ਗਡਕਰੀ ਨੇ ਕਿਹਾ ਕਿ ਸੜਕੀ ਆਵਾਜਾਈ ਦਾ ਮੁੱਦਾ ਸੰਵਿਧਾਨ ਦੀ ਸਮਕਾਲੀ ਸੂਚੀ ਵਿੱਚ ਆਉਂਦਾ ਹੈ, ਇਸ ਲਈ ਕੋਈ ਵੀ ਸੂਬਾ ਆਪਣੇ ਹਿਸਾਬ ਨਾਲ ਇਸ ਸਬੰਧੀ ਕਾਨੂੰਨ ਬਣਾ ਸਕਦਾ ਹੈ। ਕਈ ਰਾਜਾਂ ਨੇ ਕੁਝ ਕਦਮ ਚੁੱਕੇ ਵੀ ਹਨ, ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।

ਗਡਕਰੀ ਨੇ ਦੇਸ਼ ‘ਚ ਉੱਤਰ ਪ੍ਰਦੇਸ਼ ‘ਚ ਸੜਕ ਹਾਦਸਿਆਂ ‘ਚ ਸਭ ਤੋਂ ਵੱਧ ਮੌਤਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹਾਲ ਹੀ ‘ਚ ਮੈਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾਇਆ ਸੀ ਅਤੇ ਉਨ੍ਹਾਂ ਨੂੰ ਇਸ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਸੀ।

LEAVE A REPLY

Please enter your comment!
Please enter your name here