ਵਿਜੀਲੈਂਸ ਬਿਊਰੋ ਪੰਜਾਬ
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ: ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਭਗੌੜਾ ਸੰਜੀਵ ਕੁਮਾਰ ਕਾਬੂ
ਗਿਰੀਸ਼ ਵਰਮਾ ਦਾ ਪੁੱਤਰ ਵਿਕਾਸ ਵਰਮਾ ਗ੍ਰਿਫ਼ਤਾਰੀ ਤੋਂ ਬਚਣ ਲਈ ਰਹਿ ਰਿਹੈ ਵਿਦੇਸ਼ ’ਚ
ਚੰਡੀਗੜ੍ਹ, 27 ਮਈ, 2024:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ੀਰਕਪੁਰ ਨਗਰ ਕੌਂਸਲ ਦੇ ਸਾਬਕਾ ਕਾਰਜਕਾਰੀ ਅਧਿਕਾਰੀ (ਈ.ਓ.) ਗਿਰੀਸ਼ ਵਰਮਾ ਨੂੰ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਵਿੱਚ ਮੱਦਦ ਕਰਨ ਦੇ ਦੋਸ਼ ਹੇਠ ਸੰਜੀਵ ਕੁਮਾਰ ਵਾਸੀ ਖਰੜ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੁਕੱਦਮੇ ਵਿੱਚ ਵਿਜੀਲੈਂਸ ਬਿਊਰੋ ਨੇ ਗਿਰੀਸ਼ ਵਰਮਾ ਨੂੰ ਅਕਤੂਬਰ 2022 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਸੰਜੀਵ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਸੀ ਮਿਲੀ। ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਸੀ.ਜੇ.ਐਮ., ਮੋਹਾਲੀ ਦੀ ਅਦਾਲਤ ਵਿੱਚ ਉਸਦੇ ਖਿਲਾਫ਼ ਭਗੌੜਾ ਐਲਾਨੇ ਜਾਣ ਦੀ ਘੋਸ਼ਣਾ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਸੰਜੀਵ ਕੁਮਾਰ ਨੂੰ ਫਲਾਇੰਗ ਸਕੁਐਡ-1, ਮੋਹਾਲੀ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਉਸਦੀ ਭੂਮਿਕਾ ਬਾਰੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਗਿਰੀਸ਼ ਵਰਮਾ ਦੇ ਛੋਟੇ ਪੁੱਤਰ ਵਿਕਾਸ ਵਰਮਾ, ਜੋ ਕਿ ਵਿਦੇਸ਼ ਵਿੱਚ ਰਹਿ ਰਿਹਾ ਹੈ, ਨੂੰ ਵੀ ਕੁਝ ਸਥਾਨਕ ਬਿਲਡਰਾਂ ਅਤੇ ਡਿਵੈਲਪਰਾਂ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਸੀ, ਜਿਸ ਸਬੰਧੀ ਜਾਂਚ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਗਿਰੀਸ਼ ਵਰਮਾ ਜ਼ੀਰਕਪੁਰ, ਖਰੜ, ਕੁਰਾਲੀ, ਡੇਰਾਬੱਸੀ ਆਦਿ ਨਗਰ ਕੌਂਸਲਾਂ ਵਿੱਚ ਬਤੌਰ ਈ.ਓ. ਵਜੋਂ ਤਾਇਨਾਤੀ ਦੌਰਾਨ ਸਥਾਨਕ ਬਿਲਡਰਾਂ/ਡਿਵੈਲਪਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਲਾਭ ਪਹੁੰਚਾਉਂਦਾ ਸੀ ਅਤੇ ਇਸ ਦੇ ਬਦਲੇ ਉਸ ਨੇ ਅਸੁਰੱਖਿਅਤ ਕਰਜ਼ੇ ਵਜੋਂ ਉਕਤ ਬਿਲਡਰਾਂ ਤੋਂ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ’ਤੇ ਬੈਂਕ ਐਂਟਰੀਆਂ ਕਰਵਾ ਕੇ ਨਜਾਇਜ਼ ਪੈਸੇ ਪ੍ਰਾਪਤ ਕੀਤੇ ਸਨ।
ਇਸ ਤੋਂ ਇਲਾਵਾ, ਇਹਨਾਂ ਪੈਸਿਆਂ ਦੀ ਵਰਤੋਂ ਜਾਇਦਾਦਾਂ ਖਰੀਦਣ ਲਈ ਕੀਤੀ ਗਈ ਸੀ। ਵਿਕਾਸ ਵਰਮਾ ਅਤੇ ਸੰਗੀਤਾ ਵਰਮਾ ਕੋਲ ਇਹਨਾਂ ਪੈਸਿਆਂ ਨਾਲ ਖਰੀਦੀਆਂ ਜਾਇਦਾਦਾਂ ਤੋਂ ਮਿਲਣ ਵਾਲੇ ਕਿਰਾਏ ਤੋਂ ਇਲਾਵਾ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਸੀ।
ਮੁਲਜ਼ਮਾਂ ਦੀ ਕਾਰਜ ਵਿਧੀ ਸਬੰਧੀ ਕਾਰਜ ਵਿਧੀ ਬਾਰੇ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਵਰਮਾ ਸਾਲ 2019-20 ਵਿੱਚ ਦੋ ਰੀਅਲ ਅਸਟੇਟ ਫਰਮਾਂ ’ਬਾਲਾਜੀ ਇੰਫਰਾ ਬਿਲਡਟੈਕ’ ਅਤੇ ’ਬਾਲਾਜੀ ਡਿਵੈਲਪਰਸ’ ਵਿੱਚ ਆਪਣੇ ਪਿਤਾ ਦੇ ਕਾਲੇ ਧਨ ਦੀ ਖੱਪਤ ਕਰਕੇ ਅਤੇ ਫਰਮਾਂ ਦੇ ਦੂਜੇ ਭਾਈਵਾਲਾਂ ਤੋਂ ਅਸੁਰੱਖਿਅਤ ਕਰਜ਼ੇ ਵਜੋਂ ਬੈਂਕ ਐਂਟਰੀਆਂ ਰਾਹੀਂ ਧਨ ਪ੍ਰਾਪਤ ਕਰਕੇ ਅਤੇ ਬਦਲੇ ਵਿੱਚ ਨਕਦ ਰਾਸ਼ੀ ਉਨ੍ਹਾਂ ਨੂੰ ਵਾਪਸ ਕਰਕੇ ਹਿੱਸੇਦਾਰ ਬਣ ਗਿਆ। ਉਸ ਦੇ ਸਹਿ-ਦੋਸ਼ੀ ਸੰਜੀਵ ਕੁਮਾਰ ਵਾਸੀ ਖਰੜ, ਅਤੇ ਕੁਰਾਲੀ ਵਾਸੀ ਗੌਰਵ ਗੁਪਤਾ ਅਤੇ ਅਸ਼ੀਸ਼ ਸ਼ਰਮਾ ਨੇ ਪਲਾਟ ਵੇਚਣ ਅਤੇ ਰਿਹਾਇਸ਼ੀ ਕਲੋਨੀ ਨੂੰ ਗੈਰਕਾਨੂੰਨੀ ਢੰਗ ਨਾਲ ਰੈਗੂਲਰ ਕਰਵਾਉਣ ਲਈ ਪਹਿਲਾਂ ਤੋਂ ਇਕਰਾਰਨਾਮੇ ਤਿਆਰ ਕਰਕੇ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਸੰਜੀਵ ਕੁਮਾਰ 50 ਪ੍ਰਤੀਸ਼ਤ ਹਿੱਸੇਦਾਰੀ ਨਾਲ ’ਬਾਲਾਜੀ ਇੰਫਰਾ ਬਿਲਡਟੈਕ’ ਦਾ ਫਾਊਂਡਰ ਸੀ ਅਤੇ ਉਸਨੇ ਖਰੜ ਵਿੱਚ ਖੇਤੀਬਾੜੀ ਜ਼ਮੀਨ ਖਰੀਦਣ ਲਈ ਹੋਰ ਭਾਈਵਾਲਾਂ ਦੇ ਨਾਲ ਮਿਲ ਕੇ 2.30 ਕਰੋੜ ਰੁਪਏ (ਉਸਦਾ ਹਿੱਸਾ) ਦਾ ਨਿਵੇਸ਼ ਕੀਤਾ ਅਤੇ ਫਿਰ ਇਸ ਜ਼ਮੀਨ ’ਤੇ ਗੈਰ-ਕਾਨੂੰਨੀ ਢੰਗ ਨਾਲ ਰਿਹਾਇਸ਼ੀ ਕਲੋਨੀ ਨੂੰ ਰੈਗੂਲਰਾਈਜ ਕਰਵਾਇਆ। ਇਸ ਤੋਂ ਬਾਅਦ, ਉਸਨੇ ਬਿਨਾਂ ਕੋਈ ਲਾਭ ਲਏ ਫਰਮ ਤੋਂ ਅਸਤੀਫਾ ਦੇ ਦਿੱਤਾ ਅਤੇ ਉਸਦਾ 15 ਫੀਸਦ ਹਿੱਸਾ ਗੌਰਵ ਗੁਪਤਾ ਰਾਹੀਂ ਵਿਕਾਸ ਵਰਮਾ ਨੂੰ ਮਿਲ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਕਲੋਨਾਈਜ਼ਰ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ ਨੂੰ ਵੀ ਜੂਨ 2023 ਵਿੱਚ ਸਾਬਕਾ ਈ.ਓ. ਗਿਰੀਸ਼ ਵਰਮਾ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਿੱਚ ਮੱਦਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਪਵਨ ਕੁਮਾਰ ਸ਼ਰਮਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੁਡਾਲ ਕਲਾਂ, ਤਹਿਸੀਲ ਬਰੇਟਾ ਵਿਖੇ 5 ਏਕੜ ਜ਼ਮੀਨ ’ਤੇ ਸਥਿਤ 25000 ਮੀਟਰਿਕ ਟਨ ਦੀ ਸਮਰੱਥਾ ਵਾਲੇ ਓਪਨ ਪਲਿੰਥ (ਸਟੋਰੇਜ ਗੋਦਾਮ) ਨੂੰ ਖੇਤੀਬਾੜੀ ਜ਼ਮੀਨ ਵਜੋਂ ਵੇਚ ਕੇ ਗਿਰੀਸ਼ ਵਰਮਾ ਨੂੰ ਗੈਰ-ਕਾਨੂੰਨੀ ਤੌਰ ’ਤੇ ਅਮੀਰ ਬਣਾਉਣ ਵਿੱਚ ਮੱਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪਵਨ ਕੁਮਾਰ ਜੋ ਕਿ ਐਮ.ਸੀ. ਜ਼ੀਰਕਪੁਰ ਦੇ ਖੇਤਰ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਸੀ, ਵੱਲੋਂ ਇਸ ਜ਼ਮੀਨ ਦੀ ਸਰਕਾਰ ਵੱਲੋਂ ਮਿਥੀ ਕੀਮਤ ਨਾਲੋਂ ਘੱਟ ਕੀਮਤ ਉਪਰ ਰਜਿਸਟਰੀ ਕਰਵਾਈ ਸੀ, ਜਿੱਥੇ ਗਿਰੀਸ਼ ਵਰਮਾ ਲੰਬੇ ਸਮੇਂ ਤੋਂ ਈ.ਓ. ਵਜੋਂ ਤਾਇਨਾਤ ਰਿਹਾ ਸੀ ਅਤੇ ਬਦਲੇ ਵਿੱਚ ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਲਾਭ ਪਹੁੰਚਾਇਆ ਗਿਆ ਸੀ।
———
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੋਟਿੰਗ ਪ੍ਰਤੀਸ਼ਤ ਵਧਾਉਣ ਵਾਲੇ ਬੀ.ਐਲ.ਓਜ਼ ਲਈ 5000 ਰੁਪਏ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
– ਸਿਬਿਨ ਸੀ ਨੇ ਸਵੀਪ ਟੀਮਾਂ ਅਤੇ ਸੋਸ਼ਲ ਮੀਡੀਆ ਨੋਡਲ ਅਫਸਰਾਂ ਨੂੰ “ਇਸ ਵਾਰ 70 ਪਾਰ” ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਕੀਤਾ ਉਤਸ਼ਾਹਿਤ
ਚੰਡੀਗੜ੍ਹ, 27 ਮਈ:
ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ) ਟੀਮਾਂ ਅਤੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਨੋਡਲ ਅਫਸਰਾਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਐਲਾਨ ਕੀਤਾ ਹੈ ਕਿ ਜਿਹੜੇ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਆਪੋ-ਆਪਣੇ ਬੂਥਾਂ ’ਤੇ ਵੋਟਿੰਗ ਪ੍ਰਤੀਸ਼ਤ ਵਧਾਉਣਗੇ, ਉਨ੍ਹਾਂ ਨੂੰ ਦਫ਼ਤਰ ਵੱਲੋਂ ਇਨਾਮੀ ਰਾਸ਼ੀ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ 2019 ਦੇ ਮੁਕਾਬਲੇ 10 ਫ਼ੀਸਦੀ ਜਾਂ ਇਸ ਤੋਂ ਵੱਧ ਵੋਟਰ ਪ੍ਰਤੀਸ਼ਤਤਾ ਵਿੱਚ ਵਾਧਾ ਕਰਨ ਵਾਲੇ ਬੀ.ਐਲ.ਓਜ਼ ਨੂੰ 5000 ਰੁਪਏ ਦਾ ਨਕਦ ਇਨਾਮ ਅਤੇ ਸੂਬਾ ਪੱਧਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਬੂਥਾਂ ਉੱਤੇ ਵੋਟਿੰਗ ਪ੍ਰਤੀਸ਼ਤ 75 ਫ਼ੀਸਦੀ ਤੋਂ ਵੱਧ ਹੋਵੇਗੀ, ਉੱਥੋਂ ਦੇ ਬੀ.ਐਲ.ਓਜ਼ ਨੂੰ ਵੀ 5000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੀ.ਐਲ.ਓਜ਼ ਵੋਟਰ ਸਲਿੱਪਾਂ ਅਤੇ ‘ਵੋਟਿੰਗ ਸੱਦਾ ਪੱਤਰ’ ਘਰ-ਘਰ ਜਾ ਕੇ ਖੁਦ ਵੰਡਣ ਅਤੇ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਨਾ ਸੌਂਪੀ ਜਾਵੇ। ਇਸ ਮੌਕੇ ਉਨ੍ਹਾਂ ਬੀ.ਐਲ.ਓਜ਼ ਅਤੇ ਸਵੀਪ ਟੀਮਾਂ ਦੀ ਹੁਣ ਤੱਕ ਕੀਤੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਅਪੀਲ ਕੀਤੀ ਕਿ ਸਾਰੇ ਜ਼ਿਲ੍ਹੇ “ਇਸ ਵਾਰ 70 ਪਾਰ” ਦੇ ਟੀਚੇ ਦੀ ਪ੍ਰਾਪਤੀ ਲਈ ਵੋਟਾਂ ਪੈਣ ਤੱਕ ਆਪਣੀਆਂ ਗਤੀਵਿਧੀਆਂ ਜ਼ੋਰ-ਸ਼ੋਰ ਨਾਲ ਜਾਰੀ ਰੱਖਣ।
ਮੀਟਿੰਗ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਨੇ ਕਿਹਾ ਕਿ ਜ਼ਿਲ੍ਹਾ ਸਵੀਪ ਅਤੇ ਸੋਸ਼ਲ ਮੀਡੀਆ ਟੀਮਾਂ ਪੋਲਿੰਗ ਸਟੇਸ਼ਨਾਂ ਤੇ ਮਾਡਲ ਬੂਥਾਂ ਉੱਤੇ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਬਾਬਤ ਅਤੇ ਔਰਤਾਂ ਤੇ ਦਿਵਿਆਂਗ ਵਿਅਕਤੀਆਂ ਵੱਲੋਂ ਚਲਾਏ ਜਾਣ ਵਾਲੇ ਬੂਥਾਂ ਅਤੇ ਹੋਰ ਪਹਿਲਕਦਮੀਆਂ ਦੀ ਫੋਟੋਗ੍ਰਾਫੀ/ਵੀਡੀਓਗ੍ਰਾਫੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰਾਂ ਦੇ ਅਨੁਭਵ ਤੇ ਪ੍ਰਤੀਕਿਰਿਆਵਾਂ ਵੀ ਰਿਕਾਰਡ ਕੀਤੀਆਂ ਜਾਣ। ਵਧੀਕ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜ਼ਿਲਿ੍ਹਆਂ ਵੱਲੋਂ ਭੇਜੀਆਂ ਬਿਹਤਰੀਨ ਫੋਟੋਆਂ/ਵੀਡੀਓਜ਼ ਚੋਣ ਕਮਿਸ਼ਨ ਨੂੰ ਭੇਜੀਆਂ ਜਾਣਗੀਆਂ।
——————
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
ਚੋਣਾਂ ਨਾਲ ਜੁੜੇ ਦਿਲਚਸਪ ਅਤੇ ਰੌਚਕ ਸਵਾਲਾਂ ਦੇ ਜਵਾਬਾਂ ਨਾਲ ਭਰਪੂਰ ਪੌਡਕਾਸਟ ਦਾ ਪੰਜਵਾਂ ਐਪੀਸੋਡ ਰਿਲੀਜ਼
– ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਈ ਅਹਿਮ ਜਾਣਕਾਰੀਆਂ ਕੀਤੀਆਂ ਸਾਂਝਾ
ਚੰਡੀਗੜ੍ਹ, 27 ਮਈ:
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਨਿਵੇਕਲੀ ਪਹਿਲਕਦਮੀ ਤਹਿਤ ਚਲਾਏ ਜਾ ਰਹੇ ਪੋਡਕਾਸਟ ਦਾ ਪੰਜਵਾਂ ਐਪੀਸੋਡ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ ਟਿਊਬ) ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਚੋਣਾਂ ਸਬੰਧੀ ਕਈ ਦਿਲਚਸਪ ਅਤੇ ਰੌਚਕ ਸਵਾਲਾਂ ਦੇ ਬਹੁਤ ਹੀ ਆਸਾਨ ਤਰੀਕੇ ਨਾਲ ਜਵਾਬ ਦਿੱਤੇ ਹਨ ।
ਉਨ੍ਹਾਂ ਇਸ ਐਪੀਸੋਡ ਵਿੱਚ ਦੱਸਿਆ ਹੈ ਕਿ ਵੋਟ ਪਾਉਣ ਵੇਲੇ ਵੋਟਰ ਦੇ ਖੱਬੇ ਹੱਥ ਦੀ ਉਂਗਲ ਉੱਤੇ ਹੀ ਸਿਆਹੀ ਕਿਉਂ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੋਲਿੰਗ ਬੂਥ ਉੱਤੇ ਵੋਟ ਪਾਉਣ ਦੌਰਾਨ ਮੋਬਾਇਲ ਫੋਨ ਬੰਦ ਕਰਕੇ ਨਾਲ ਲਿਜਾਇਆ ਜਾ ਸਕਦਾ ਹੈ ਜਾਂ ਨਹੀਂ। ਸਿਬਿਨ ਸੀ ਨੇ ਕਿਸੇ ਵੀ ਐਮਰਜੈਂਸੀ ਹਾਲਤਾਂ ਨਾਲ ਨਜਿੱਠਣ ਅਤੇ ਮੁੱਢਲੀ ਸਹਾਇਤਾ ਲਈ ਪੋਲਿੰਗ ਬੂਥਾਂ ਉੱਤੇ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਚਾਨਣਾ ਪਾਇਆ ਹੈ।
ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਕਿਸ ਉਮੀਦਵਾਰ ਦੀ ਜ਼ਮਾਨਤ ਕਿਹੜੇ ਕਾਰਨਾਂ ਕਰਕੇ ਜ਼ਬਤ ਹੁੰਦੀ ਹੈ। ਸਿਬਿਨ ਸੀ ਨੇ ਇਹ ਵੀ ਦੱਸਿਆ ਹੈ ਕਿ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਹੋਟਲਾਂ, ਰੈਸਟੋਰੈਂਟ ਮਾਲਕਾਂ ਅਤੇ ਕੋਚਿੰਗ ਸੈਂਟਰਾਂ ਆਦਿ ਨੇ ਕੀ ਕੀ ਛੋਟਾਂ ਅਤੇ ਸੁਵਿਧਾਵਾਂ ਰੱਖੀਆਂ ਹਨ।
ਮੁੱਖ ਚੋਣ ਅਧਿਕਾਰੀ ਨੇ ਲੋਕ ਸਭਾ ਚੋਣਾਂ-2024 ਦੌਰਾਨ ਪ੍ਰਾਪਤ ਹੋ ਰਹੀਆਂ ਦਿਲਚਸਪ ਅਤੇ ਰੌਚਕ ਸ਼ਿਕਾਇਤਾਂ ਬਾਰੇ ਵੀ ਇਸ ਐਪੀਸੋਡ ਵਿੱਚ ਚਾਨਣਾ ਪਾਇਆ ਹੈ। ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇਕ ਬੁਲਾਰੇ ਨੇ ਅਪੀਲ ਕੀਤੀ ਹੈ ਕਿ ਜਾਣਕਾਰੀ ਭਰਪੂਰ ਸਵਾਲਾਂ ਦੇ ਜਵਾਬ ਜਾਣਨ ਲਈ ਸਾਰੇ ਵੋਟਰ ਅਤੇ ਹੋਰ ਲੋਕ ਪੋਡਕਾਸਟ ਦਾ ਇਹ ਐਪੀਸੋਡ ਜ਼ਰੂਰ ਦੇਖਣ ਅਤੇ ਬਾਕੀਆਂ ਨਾਲ ਵੀ ਸ਼ੇਅਰ ਕਰਨ ਤਾਂ ਜੋ ਆਮ ਲੋਕਾਂ ਨੂੰ ਉਨ੍ਹਾਂ ਦੇ ਮਨਾਂ ਵਿੱਚ ਚੋਣਾਂ ਸਬੰਧੀ ਉੱਠਦੇ ਸਵਾਲਾਂ ਦੇ ਜਵਾਬ ਮਿਲ ਸਕਣ। ਜ਼ਿਕਰਯੋਗ ਹੈ ਕਿ ਪੋਡਕਾਸਟ ਦਾ ਇਹ ਐਪੀਸੋਡ ਮੁੱਖ ਚੋਣ ਅਧਿਕਾਰੀ ਦੇ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ ਟਿਊਬ ਉੱਤੇ ਉਪਲੱਬਧ ਹੈ।
——–