ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਮਿਲੀਆਂ ਬਿਹਤਰੀਨ ਸਿਹਤ ਸੁਵਿਧਾਵਾਂ : ਟੌਂਗ

0
48
ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਮਿਲੀਆਂ ਬਿਹਤਰੀਨ ਸਿਹਤ ਸੁਵਿਧਾਵਾਂ : ਟੌਂਗ
ਟੌਂਗ ਨੇ ਰਈਆ ਅਤੇ ਕਾਲੇਕੇ ’ਚ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ
ਬਿਆਸ, 2 ਮਾਰਚ
 ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਬਿਹਤਰੀਨ ਸਿਹਤ ਸੁਵਿਧਾਵਾਂ ਮਿਲੀਆਂ ਹਨ। ਉਹ ਅੱਜ ਵਿਧਾਨ ਸਭਾ ਹਲਕੇ ਦੇ ਪਿੰਡ  ਕਾਲੇਕੇ ਅਤੇ ਰਈਆ ਵਿਖੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ ਟੌਂਗ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਆਮ ਆਦਮੀ ਕਲੀਨਿਕ ਪੂਰੇ ਸੂਬੇ ਵਿਚ ਵਰਦਾਨ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਦੀ ਅੱਜ ਦੁਨੀਆਂ ਭਰ ਵਿਚ ਚਰਚਾ ਹੋ ਰਹੀ ਹੈ ਅਤੇ ਪੂਰੀ ਦੁਨੀਆ ਇਸ ਮਾਡਲ ਨੂੰ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਵਿਚ 700 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ ਅਤੇ ਜਿਨ੍ਹਾਂ ਵਿਚ ਜਿਥੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਕਈ ਤਰ੍ਹਾਂ ਦੇ ਟੈਸਟ ਵੀ ਮੁਫ਼ਤ ਕੀਤਾ ਜਾ ਰਹੇ ਹਨ।
ਸ ਟੌਂਗ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 72 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ ਅਤੇ ਭਵਿੱਖ ਵਿੱਚ ਹੋਰ ਵੀ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ।
ਸ ਟੌਂਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਹਰ ਉਮੀਦ ’ਤੇ ਖਰ੍ਹਾ ਉਤਰਦੇ ਹੋਏ ਸੂਬੇ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 2 ਸਾਲ ਤੋਂ ਵੀ ਘੱਟ ਸਮੇਂ ਵਿਚ ਪੰਜਾਬ ਸਰਕਾਰ ਨੇ ਲੋਕ ਹਿੱਤ ਵਿਚ ਇਸ ਤਰ੍ਹਾਂ ਦੇ ਸੈਂਕੜੇ ਫ਼ੈਸਲੇ ਕੀਤੇ ਹਨ, ਜਿਨ੍ਹਾਂ ਦਾ ਫਾਇਦਾ ਆਮ ਜਨਤਾ ਨੂੰ ਹੋਇਆ ਹੈ। ਚਾਹੇ ਉਹ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਗੱਲ ਹੋਵੇ ਜਾਂ 600 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਖੇਤਰ ਵਿਚ ਇਸ ਤਰ੍ਹਾਂ ਦੇ ਕ੍ਰਾਂਤੀਕਾਰੀ ਕਦਮ ਚੁੱਕ ਰਹੀ ਹੈ, ਤਾਂ ਜੋ ਸੂਬੇ ਦੀ ਜਨਤਾ ਨੂੰ ਵੱਧ ਤੋਂ ਵੱਧ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ।

LEAVE A REPLY

Please enter your comment!
Please enter your name here