ਆਯੁਸ਼ਮਾਨ ਭਵ ਮੁਹਿੰਮ ਤਹਿਤ ਅੰਗਦਾਨ ਕਰਨ ਦੀ ਸਹੁੰ ਚੁੱਕੀ
ਅੰਗਦਾਨ ਨਾਲ ਮਰਨ ਉਪਰੰਤ ਹੋਰਨਾਂ ਨੂੰ ਦਿੱਤੀ ਜਾ ਸਕਦੀ ਹੈ ਨਵੀਂ ਜ਼ਿੰਦਗੀ: ਡਾ. ਪਰਮਿੰਦਰ ਕੌਰ
ਸੰਗਰੂਰ, 26 ਸਤੰਬਰ, 2023: ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਅਗਵਾਈ ਵਿੱਚ ਸਥਾਨਕ ਜਿਲ੍ਹਾ ਹਸਪਤਾਲ ਦੀ ਅਨੈਕਸੀ ਵਿਖੇ ਆਯੁਸ਼ਮਾਨ ਭਵ ਮੁਹਿੰਮ ਤਹਿਤ ਅੰਗਦਾਨ ਨੂੰ ਉਤਸ਼ਾਹਿਤ ਕਰਨ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਹੁੰ ਚੁੱਕੀ ਗਈ। ਇਸ ਦੌਰਾਨ ਅਯੁਸ਼ਮਾਨ ਭਵ ਮੁਹਿੰਮ ਨੂੰ ਸਫਲ ਬਣਾਉਣ ਲਈ ਬਲਾਕ ਐਜੂਕੇਟਰਜ ਅਤੇ ਸੀ. ਐਚ. ਓ. ਨਾਲ ਮੀਟਿੰਗ ਵੀ ਕੀਤੀ ਅਤੇ ਪ੍ਰੋਗਰਾਮ ਬਾਰੇ ਸਮੀਖਿਆ ਵੀ ਕੀਤੀ ਗਈ।
ਜਾਣਕਾਰੀ ਦਿੰਦਿਆਂ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਅੰਗ ਦਾਨ ਇੱਕ ਮਹਾਂ ਦਾਨ ਹੈ। ਮਰਨ ਉਪਰੰਤ ਵਿਅਕਤੀ ਦੇ ਅੰਗ ਦਾਨ ਕਰਨ ਨਾਲ 8 ਜਣਿਆਂ ਤੱਕ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਮੁਹਿੰਮ 2 ਅਕਤੂਬਰ ਤੱਕ ਚੱਲੇਗੀ, ਜਿਸ ਤਹਿਤ ਵੱਖ ਵੱਖ ਸਿਹਤ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੁਹਿੰਮ ਤਹਿਤ ਜ਼ਿਲ੍ਹੇ ਅਧੀਨ ਆਯੂਸ਼ਮਾਨ ਆਪਕੇ ਦੁਆਰ, ਆਯੂਸ਼ਮਾਨ ਸਭਾ, ਹੈਲਥ ਐਂਡ ਵੈੱਲਨੈੱਸ ਸੈਂਟਰਾਂ ‘ਤੇ ਸਿਹਤ ਮੇਲੇ, ਅੰਗ ਦਾਨ ਕਰਨ ਦੀ ਮਹੱਤਤਾ ਲਈ ਆਮ ਲੋਕਾਂ ਨੂੰ ਪੇ੍ਰਿਤ ਕਰਨਾ, ਖੂਨ ਦਾਨ ਕੈਂਪ ਤੋਂ ਇਲਾਵਾ ਸਵੱਛਤਾ ਅਭਿਆਨ ਤਹਿਤ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲ਼ਾ ਵੱਲੋਂ ਮਿਤੀ 29 ਸਤੰਬਰ 2023 ਨੂੰ ਵਿਸ਼ੇਸ਼ ਸਿਹਤ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਅਤੇ ਆਭਾ ਆਈ.ਡੀ. ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਗੈਰ ਸੰਚਾਰੀ ਰੋਗਾਂ ਸੰਬੰਧੀ ਜਾਗਰੂਕਤਾ ਅਤੇ ਸਕਰੀਨਿੰਗ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
ਇਸ ਮੌਕੇ ਡਾ. ਵਿਕਾਸ ਧੀਰ ਡਿਪਟੀ ਮੈਡੀਕਲ ਕਮਿਸ਼ਨਰ, ਕਰਨੈਲ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਦੀਪਕ ਕੁਮਾਰ ਡੀ ਸੀ ਐੱਮ, ਕਮਲ ਕੁਮਾਰ ਆਦਿ ਹਾਜ਼ਰ ਸਨ।
ਫੋਟੋ: ਡਾ. ਪਰਮਿੰਦਰ ਕੌਰ ਸਿਵਲ ਸਰਜਨ ਦੀ ਅਗਵਾਈ ਵਿੱਚ ਅੰਗਦਾਨ ਕਰਨ ਦੀ ਸਹੁੰ ਚੁੱਕਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ।