ਆਯੂਸ਼ਮਾਨ ਭਾਰਤ- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪੰਜ ਲੱਖ ਤੱਕ ਦਾ ਇਲਾਜ ਮੁਫਤਃ ਡਾ. ਇੰਦੂ ਬਾਂਸਲ
ਦਲਜੀਤ ਕੌਰ
ਤਪਾ, 25 ਸਤੰਬਰ, 2024:
ਕਾਰਜਕਾਰੀ ਸਿਵਲ ਸਰਜਨ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਇੰਦੂ ਬਾਂਸਲ ਦੀ ਅਗਵਾਈ ਹੇਠ ਸਿਹਤ ਬਲਾਕ ਤਪਾ ਅਧੀਨ 30 ਸਤੰਬਰ ਤੱਕ ਆਯੂਸ਼ਮਾਨ ਪੰਦਰਵਾੜਾਮਨਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਡਾ. ਇੰਦੂ ਬਾਂਸਲ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਬਲਾਕ ਅਧੀਨ ਪਿੰਡਾਂ ਵਿੱਚ ਤੇ ਸਕੂਲਾਂ ਵਿੱਚ ਬੱਚਿਆਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਯੋਜਨਾ ਅਧੀਨ ਬਣਨ ਵਾਲੇ ਕਾਰਡ ਰਾਹੀਂ ਇੱਕ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ।
ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਵਿਖੇ ਕਰਵਾਏ ਇੱਕ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਕਿਹਾ ਇਸ ਯੋਜਨਾ ਅਧੀਨ ਬਣੇ ਕਾਰਡ ‘ਤੇ ਰਜਿਸਟਰਡ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਹਸਪਤਾਲ ਵਿੱਚ ਦਾਖਲ ਹੋਣ ‘ਤੇ ਸਾਲਾਨਾ ਪੰਜ ਲੱਖ ਰੁਪਏ ਤੱਕ ਦੇ ਨਕਦੀ ਰਹਿਤ ਸਿਹਤ ਬੀਮੇ ਦੀ ਸਹੂਲਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਬੀਮੇ ਦਾ ਲਾਭ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ ਫਾਰਮ ਧਾਰਕ ਕਿਸਾਨ ਪਰਿਵਾਰ, ਉਸਾਰੀ ਕਿਰਤੀ ਭਲਾਈ ਬੋਰਡ ਨਾਲ ਪੰਜੀਕ੍ਰਿਤ ਮਜ਼ਦੂਰ, ਪ੍ਰਵਾਨਿਤ ਤੇ ਪੀਲ਼ੇ ਕਾਰਡ ਧਾਰਕ ਪੱਤਰਕਾਰ, ਐਸ.ਈ.ਸੀ.ਸੀ. ਡਾਟਾ 2011 ਵਿੱਚ ਸ਼ਾਮਲ ਪਰਿਵਾਰ ਆਦਿ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਾਰਡ ਘਰ ਬੈਠੇ ਆਯੂਸ਼ਮਾਨ ਐਪ ਦੁਆਰਾ ਖੁਦ ਵੀ ਬਣਾਏ ਜਾ ਸਕਦੇ ਹਨ।
ਇਸ ਮੌਕੇ ਸਕੂਲ ਪ੍ਰਿੰਸੀਪਲ ਤਲਵਿੰਦਰ ਸਿੰਘ ਸਿੱਧੂ, ਐਸ.ਆਈ. ਰਣਜੀਵ ਕੁਮਾਰ, ਮ.ਪ.ਹ.ਵ. ਗਗਨਦੀਪ ਸਿੰਘ ਤੇ ਮਿੱਠੂ ਸਿੰਘ ਵੀ ਮੌਜੂਦ ਸਨ।