ਸੰਗਰੂਰ, 21 ਅਪ੍ਰੈਲ, 2023: ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਰੀਜ਼ਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਦੇ ਸਕੱਤਰ ਵਿਨੀਤ ਕੁਮਾਰ ਵੱਲੋਂ ਲਗਾਤਾਰ ਸੰਗਰੂਰ ਜ਼ਿਲ੍ਹੇ ਦੀ ਹਦੂਦ ਅੰਦਰ ਸੜਕੀ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਾਲਾਨ ਕੱਟੇ ਜਾ ਰਹੇ ਹਨ। ਸੰਗਰੂਰ ਵਿਖੇ ਚੈਕਿੰਗ ਦੌਰਾਨ ਆਰ.ਟੀ.ਏ. ਸਕੱਤਰ ਵਿਨੀਤ ਕੁਮਾਰ ਨੇ ਦੱਸਿਆ ਕਿ ਸੜਕ ਸੁਰੱਖਿਆ ਅਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲਗਾਤਾਰ ਜੁਰਮਾਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਕੀਤੀਆਂ ਚੈਕਿੰਗਾਂ ਦੌਰਾਨ ਸਾਹਮਣੇ ਆਇਆ ਹੈ ਕਿ ਵਾਹਨ ਚਾਲਕ ਅਕਸਰ ਓਵਰਲੋਡਿੰਗ ਕਰਦੇ ਹਨ ਅਤੇ ਆਪਣੇ ਕਾਗ਼ਜ਼ਾਤ ਪੂਰੇ ਨਹੀਂ ਰੱਖਦੇ ਜਿਸ ਲਈ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਬਣਦਾ ਜ਼ੁਰਮਾਨਾ ਲਾਇਆ ਜਾ ਰਿਹਾ ਹੈ।
ਸਕੱਤਰ ਵਿਨੀਤ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਵੱਲੋਂ ਸਮੇਂ ਸਮੇਂ ਤੇ ਮੀਟਿੰਗ ਕਰਕੇ ‘ਸੇਫ਼ ਸਕੂਲ ਵਾਹਨ’ ਪਾਲਿਸੀ ਦੀ ਇੰਨ-ਬਿੰਨ ਪਾਲਣਾ ਦੀਆਂ ਹਦਾਇਤਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ‘ਸੇਫ਼ ਸਕੂਲ ਵਾਹਨ’ ਪਾਲਿਸੀ ਤਹਿਤ ਹਰ ਸਕੂਲ ਬੱਸ ’ਚ ਸੀ.ਸੀ.ਟੀ.ਵੀ. ਕੈਮਰਾ, ਸਪੀਡ ਗਵਰਨਰ, ਮੁੱਢਲੀ ਸਹਾਇਤਾ ਲਈ ਕਿੱਟ, ਇੱਕ ਮਹਿਲਾ ਸਹਾਇਕ ਆਦਿ ਸਹੂਲਤਾਂ ਦੇ ਨਾਲ-ਨਾਲ ਵਾਹਨ ਦਾ ਨਿਯਮਾਂ ਤਹਿਤ ਪੂਰੀ ਤਰ੍ਹਾਂ ਫ਼ਿੱਟ ਹੋਣਾ ਲਾਜ਼ਮੀ ਹੈ।