ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਸੂਬਾਈ ਜੱਥੇਬੰਦਕ ਕਨਵੈਨਸ਼ਨ ਕੀਤੀ ਗਈ

0
352

* ਸੁਖਵਿੰਦਰ ਕੌਰ ਚੇਅਰਪਰਸਨ,ਰਾਣੋ ਖੇੜੀ ਗਿੱਲਾਂ ਪ੍ਰਧਾਨ ਅਤੇ ਲਖਵਿੰਦਰ ਕੌਰ ਜਨਰਲ ਸਕੱਤਰ ਬਣੇ
ਤਰਨਤਾਰਨ/ਜਲੰਧਰ, (ਰਾਕੇਸ਼ ਨਈਅਰ)-ਸਿਹਤ ਵਿਭਾਗ ਅੰਦਰ ਕੰਮ ਕਰਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਟਰੇਡ ਯੂਨੀਅਨ ਸਿਧਾਂਤਾਂ ’ਤੇ ਚੱਲਦਿਆਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਜੱਥੇਬੰਦਕ ਕਨਵੈਨਸ਼ਨ ਕੀਤੀ ਗਈ।ਪਿਛਲੇ ਸਮੇਂ ਦੌਰਾਨ ਕੀਤੇ ਗਏ ਸੰਘਰਸ਼, ਸੰਘਰਸ਼ਾਂ ਦੁਆਰਾ ਕੀਤੀਆਂ ਪ੍ਰਾਪਤੀਆਂ,ਜੱਥੇਬੰਦਕ ਅਵਸਥਾਂ, ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ,ਨਵੀਂ ਸੂਬਾ ਕਮੇਟੀ ਦੀ ਚੋਣ ਕਰਨ,ਅਗਲੇ ਸੰਘਰਸ਼ ਉਲੀਕਣ ਸਬੰਧੀ ਸੁਖਵਿੰਦਰ ਕੌਰ,ਲਖਵਿੰਦਰ ਕੌਰ,ਰਾਣੋ ਖੇੜੀ ਗਿੱਲਾਂ,ਹਰਨਿੰਦਰ ਕੌਰ,ਰੀਟਾ,ਰੀਨਾ ਪੱਟੀ ਦੀ ਅਗਵਾਈ ਹੇਠ ਹੋਈ ਇਸ ਵਿਸ਼ਾਲ ਸੂਬਾਈ ਕਨਵੈਨਸ਼ਨ ਵਿੱਚ ਵਿਚਾਰ-ਚਰਚਾ ਕੀਤੀ ਗਈ।ਇਸ ਕਨਵੈਨਸ਼ਨ ਦੇ ਉਦਘਾਟਨੀ ਭਾਸ਼ਨ ਵਿੱਚ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਵਲੋਂ ਜੱਥੇਬੰਦੀ ਨੂੰ ਇਸ ਸਫਲ ਕਨਵੈਨਸ਼ਨ ਦੀ ਵਧਾਈ ਦਿੰਦਿਆਂ ਅਜੋਕੇ ਸਮੇਂ ਦੇ ਹਾਲਾਤਾਂ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ,ਕਿਸਾਨ,ਲੋਕ ਵਿਰੋਧੀ ਨੀਤੀਆਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਜੱਥੇਬੰਦੀ ਵਲੋਂ ਆਪਣੇ ਤੌਰ ਤੇ ਅਤੇ ਸਾਂਝੇ ਸੰਘਰਸ਼ਾ ਵਿੱਚ ਪੂਰੀ ਤਾਕਤ ਨਾਲ ਸ਼ਮੂਲੀਅਤ ਕਰਨ ਦਾ ਵੀ ਹੋਕਾ ਦਿੱਤਾ। ਸੂਬਾ ਪ੍ਰਧਾਨ ਸੁਖਵਿੰਦਰ ਕੌਰ ਵਲੋਂ ਆਈਆਂ ਹੋਈਆਂ ਆਸ਼ਾਂ ਵਰਕਰਾਂ, ਫੈਸਿਲੀਟੇਟਰਾਂ ਅਤੇ ਫੈਡਰੇਸ਼ਨ ਦੇ ਆਗੂਆਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਸੂਬਾ ਜਨਰਲ ਸਕੱਤਰ ਲਖਵਿੰਦਰ ਕੌਰ ਵਲੋਂ ਪਿਛਲੇ ਸਮੇਂ ਦੌਰਾਨ ਕੀਥੀਆਂ ਗਤੀਵਿਧੀਆਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਜੱਥੇਬੰਦੀ ਵਲੋਂ ਸਮੇਂ ਸਮੇਂ ਤੇ ਕੀਤੇ ਐਕਸ਼ਨਾਂ, ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਅਤੇ ਪ੍ਰਾਪਤੀਆਂ ਦਾ ਉਲੇਖਣ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਜੱਥੇਬੰਦੀ ਦੀਆਂ ਆਗੂਆਂ ਹਰਨਿੰਦਰ ਕੌਰ,ਰਾਜ ਕੁਮਾਰੀ, ਇੰਦੂ ਬਾਲਾ,ਰਾਣੋ ਖੇੜੀ, ਰੀਨਾ, ਸੁਖਰਾਜ ਕੌਰ ਚਬਾਲ, ਰਜਿੰਦਰ ਕੌਰ, ਜਸਵਿੰਦਰ ਕੌਰ, ਨਿਰਮਲਾ ਦੇਵੀ, ਸਰਬਜੀਤ ਕੌਰ, ਨਸੀਬ ਕੌਰ, ਰਛਪਾਲ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਜੱਥੇਬੰਦੀ ਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਤਾਂ ਜੋ ਮੰਗਾਂ ਦੀ ਪ੍ਰਾਪਤੀ ਦੇ ਨਾਲ-ਨਾਲ ਆਪਣੇ ਮਾਣ-ਸੰਮਾਨ ਦੀ ਰਾਖੀ ਵੀ ਕੀਤੀ ਜਾ ਸਕੇ। ਆਗੂਆਂ ਨੇ ਕਿਹਾ ਕਿ ਜੱਥੇਬੰਦੀ ਵਲੋਂ ਸੰਘਰਸ਼ਾਂ ਦੁਆਰਾ ਮੋਬਾਇਲ ਸਿੰਮਾਂ, ਵਰਦੀਆਂ, ਰੈਸਟ ਰੂਮ, ਮੁਫਤ ਇਲਾਜ, ਇੰਨਸੈਨਟਿਵਾਂ ਵਿੱਚ ਵਾਧਾ, ਸਪੈਸ਼ਲ ਕਰੋਨਾ ਭੱਤਾ ਆਦਿ ਸਹਿਤ ਬਾਕੀ ਕੁਝ ਮੰਗਾਂ ਦੀ ਪ੍ਰਾਪਤੀ ਕੀਤੀ ਹੈ ਅਤੇ ਬਾਕੀ ਮੰਗਾਂ ਲਈ ਕੀਤੇ ਜਾ ਸੰਘਰਸ਼ ਵਿੱਚ ਪੂਰਣ ਯੋਗਦਾਨ ਪਾਇਆ ਜਾਂਦਾ ਰਹੇਗਾ।ਇਸਦੇ ਨਾਲ ਹੀ ਬੁਲਾਰਿਆਂ ਵਲੋਂ ਸਿਰਫ ਪੈਸੇ ਇਕੱਠੇ ਕਰਨ ਲਈ ਬਣੇ ਆਗੂਆਂ ਤੋਂ ਸਾਵਧਾਨ ਰਹਿਣ ਲਈ ਵੀ ਆਗਾਹ ਕੀਤਾ।ਇਸ ਮੌਕੇ ਪ.ਸ.ਸ.ਫ. ਆਗੂ ਤੀਰਥ ਸਿੰਘ ਬਾਸੀ, ਇੰਦਰਜੀਤ ਵਿਦੀ, ਰਣਜੀਤ ਈਸ਼ਾਪੁਰ, ਮਨਜੀਤ ਬਾਜਵਾ, ਰਜੀਵ ਸ਼ਰਮਾ, ਮਲਕੀਤ ਸਿੰਘ ਨੇ ਵੀ ਸੰਬੋਧਨ ਕੀਤਾ।ਕਨਵੈਨਸ਼ਨ ਦੇ ਅਖੀਰ ਵਿੱਚ ਸੂਬਾ ਪ੍ਰਧਾਨ ਵਲੋਂ ਪੁਰਾਣੀ ਕਮੇਟੀ ਭੰਗ ਕੀਤੀ ਗਈ ਅਤੇ ਨਵੀਂ ਸੂਬਾ ਕਮਟੀ ਦੀ ਚੋਣ ਕੀਤੀ ਗਈ ਜਿਸ ਨੂੰ ਪੂਰੇ ਹਾਊਸ ਵਲੋਂ ਨਾਅਰਿਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ।ਨਵੀਂ ਚੁਣੀ ਗਈ ਸੂਬਾ ਕਮੇਟੀ ਵਿੱਚ ਚੇਅਰਮੈਨ ਸੁਖਵਿੰਦਰ ਕੌਰ (ਹੁਸ਼ਿਆਰਪੁਰ), ਪ੍ਰਧਾਨ ਰਾਣੋ ਖੇੜੀ ਗਿੱਲਾਂ (ਸੰਗਰੂਰ), ਸੰਦੀਪ ਕੌਰ ਸੀਨੀਅਰ ਮੀਤ ਪ੍ਰਧਾਨ (ਬਰਨਾਲਾ) ਲਖਵਿੰਦਰ ਕੌਰ ਜਨਰਲ ਸਕੱਤਰ (ਤਰਨਤਾਰਨ), ਹਰਨਿੰਦਰ ਕੌਰ ਵਿੱਤ ਸਕੱਤਰ (ਹੁਸ਼ਿਆਰਪੁਰ), ਮੀਤ ਪ੍ਰਧਾਨ ਰਾਜ ਕੁਮਾਰੀ, ਰੀਟਾ ਰਾਣੀ, ਸਹਾਇਕ ਸਕੱਤਰ ਚਰਨਜੀਤ ਕੌਰ, ਸਹਾਇਕ ਵਿੱਤ ਸਕੱਤਰ ਨਸੀਬ ਕੌਰ, ਪ੍ਰੈਸ ਸਕੱਤਰ ਇੰਦੂ ਬਾਲ, ਸਹਾਇਕ ਪ੍ਰੈਸ ਸਕੱਤਰ ਪਰਮਜੀਤ ਕੌਰ, ਜੱਥੇਬੰਦਕ ਸਕੱਤਰ ਸਰਬਜੀਤ ਕੌਰ, ਦਫਤਰ ਸਕੱਤਰ ਬੀਰਪਾਲ ਕੌਰ, ਪ੍ਰਚਾਰ ਸਕੱਤਰ ਰਜਿੰਦਰ ਕੌਰ ਵਲਟੋਹਾ, ਸਕੱਤਰ ਰਛਪਾਲ ਕੌਰ, ਕਮਲਜੀਤ ਕੌਰ, ਰਾਜ ਰਾਣੀ, ਨਿਰਮਲਾ ਦੇਵੀ, ਜਸਵਿੰਦਰ ਕੌਰ ਨੂੰ ਚੁਣਿਆ ਗਿਆ। ਕਨਵੈਨਸ਼ਨ ਦੇ ਅੰਤ ਵਿੱਚ ਸੂਬਾ ਪ੍ਰਧਾਨ ਵਲੋਂ ਪੂਰੀ ਤਾਕਤ ਨਾਲ ਸੰਘਰਸ਼ ਕਰਨ ਦਾ ਯਕੀਨ ਦਵਾਇਆ ਅਤੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ ਮਿਤੀ 18 ਤੋਂ 23 ਅਕਤੂਬਰ ਤੱਕ ਜ਼ਿਲ੍ਹਾ ਪੱਧਰੀ ਰੈਲੀਆਂ ਕਰਕੇ ਸਿਵਲ ਸਰਜਨਾਂ ਰਾਹੀਂ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ ਅਤੇ ਜੇਕਰ ਫਿਰ ਵੀ ਮੀਟਿੰਗ ਰਾਹੀਂ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਮਿਤੀ 21 ਨਵੰਬਰ ਨੂੰ ਸਿਹਤ ਮੰਤਰੀ ਵਿਰੁੱਧ ਸੂਬਾ ਪੱਧਰੀ ਰੈਲੀ ਕਰਕੇ ਉਸਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਸੂਬਾ ਚੇਅਰਮੈਨ ਸੁਖਵਿੰਦਰ ਕੌਰ ਵਲੋਂ ਸੂਬੇ ਭਰ ਵਿੱਚੋਂ ਆਈਆਂ ਆਸ਼ਾ ਵਰਕਰਾਂ/ ਫੈਸਿਲੀਟੇਟਰਾਂ ਦਾ ਧੰਨਵਾਦ ਕੀਤਾ ਗਿਆ। ਇਹ ਕਨਵੈਨਸ਼ਨ ਇੱਕ ਸਫਲ ਟਰੇਡ ਯੂਨੀਅਨ ਸਕੂਲ ਹੋ ਨਿਬੜੀ।

LEAVE A REPLY

Please enter your comment!
Please enter your name here