ਇਟਲੀ ਦੇ ਸ਼ਹਿਰ ਕਾਸਤਲਗੌਮਬੈਰਤੋ ਵਿਖੇ ਨਗਰ ਕੀਰਤਨ ਸਜਾਇਆ।

0
242

ਮਿਲਾਨ (ਦਲਜੀਤ ਮੱਕੜ) ਇਟਲੀ ਦੇ ਵਿਚਂੈਸਾ ਜਿਲੇ ਚ ਸਥਿੱਤ ਗੁਰਦੁਆਰਾ ਸਿੰਘ ਸਭਾ ਕਾਸਤਲਗੌਮਬੈਰਤੋ ਦੀ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਾਸਤਲਗੌਮਬੈਰਤੋ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਇਹ ਨਗਰ ਕੀਰਤਨ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਸਜਾਇਆ ਗਿਆ ।ਨਗਰ ਕੀਰਤਨ ਵਿੱਚ ਬਹੁਤ ਹੀ ਸ਼ਰਧਾ-ਭਾਵਨਾ ਦੇ ਨਾਲ਼ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਿਲ ਹੋਈ।ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਦੇ ਹੇਠ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ਼ ਅਤੇ ਸਿੱਖੀ ਪਰੰਪਰਾਵਾਂ ਨਾਲ ਆਰੰਭ ਹੋਇਆ। ਇਸ ਮੌਕੇ ਵੱਖ ਵੱਖ ਕੀਰਤਨੀ ਜੱਥਿਆਂ ਦੁਆਰਾ ਸੰਗਤਾਂ ਨੂੰ ਰਸਭਿੰਨਾ ਕੀਰਤਨ ਸਰਵਣ ਕਰਵਾਇਆ। ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਪ੍ਰੇਮ ਸਿੰਘ “ਪਦਮ” ਦੇ ਢਾਡੀ ਜਥੇ ਦੁਆਰਾ ਵਡਮੁੱਲਾ ਇਤਿਹਾਸ ਸ੍ਰਵਣ ਕਰਵਾਇਆ ਗਿਆ।ਭਾਈ ਸੁਰਜੀਤ ਸਿੰਘ ਖੰਡੇ ਵਾਲਿਆਂ ਅਤੇ ਭਾਈ ਬਲਜਿੰਦਰ ਸਿੰਘ ਦੁਆਰਾ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।ਨਗਰ ਕੀਰਤਨ ਦੌਰਾਨ ਸੰਤ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਗੁਰਮਤਿ ਗਤਕਾ ਅਕੈਡਮੀ ਬ੍ਰੇਸ਼ੀਆ ਦੁਆਰਾ ਗਤਕੇ ਦੇ ਬਹੁਤ ਹੀ ਹੈਰਾਨੀਜਕ ਜੌਹਰ ਦਿਖਾਏ ਗਏ।ਨਗਰ ਕੀਰਤਨ ਵਿੱਚ ਸੰਗਤਾਂ ਲਈ ਵੱਡੀ ਗਿਣਤੀ ਵਿੱਚ ਸਟਾਲਾਂ ਲੱਗੀਆਂ ਸਨ।ਪੁਲਿਸ ਪ੍ਰਸ਼ਾਸ਼ਨ ਸਮੇਤ ਸ਼ਹਿਰ ਦੀਆਂ ਅਨੇਕਾਂ ਇਟਾਲੀਅਨ ਸ਼ਖਸ਼ੀਅਤਾਂ ਤੋਂ ਇਲਾਵਾ ਵੱਖ ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ ਵੀ ਨਗਰ ਕੀਰਤਨ ਵਿੱਚ ਪਹੁੰਚੀਆਂ। ਜਿਹਨਾਂ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤਾਂ ਅਤੇ ਨਗਰ ਕੀਰਤਨ ਵਿੱਚ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here