ਮਿਲਾਨ, (ਦਲਜੀਤ ਮੱਕੜ) -ਇਟਲੀ ਦੇ ਭਾਰਤੀ ਬੱਚੇ ਵਿੱਦਿਆਦਕ ਖੇਤਰਾਂ ਵਿੱਚ ਇਟਾਲੀਅਨ ਬੱਚਿਆਂ ਸਮੇਤ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਜਿਸ ਰਫ਼ਤਾਰ ਨਾਲ ਪਛਾੜਦੇ ਹੋਏ ਕਾਮਯਾਬੀ ਦੀ ਟੀਸੀ ਵੱਲ ਤੁਰੇ ਜਾ ਰਹੇ ਹਨ ਉਹ ਕਾਬਲੇ ਤਾਰੀਫ਼ ਤਾਂ ਹੈ ਹੀ ਹੈ ਪਰ ਨਾਲ ਹੀ ਇਹ ਗੱਲ ਵੀ ਸਿੱਧ ਕਰਦੇ ਹਨ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਟਲੀ ਦੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚ ਭਾਰਤੀ ਵੀ ਉਚੇਚਾ ਯੋਗਦਾਨ ਪਾਉਣਗੇ। ਅੱਜ ਵੀ ਅਸੀਂ ਆਪਣੇ ਪਾਠਕਾਂ ਨੂੰ ਅਜਿਹੇ ਹੀ ਹੋਣਹਾਰ ਬੱਚੇ ਨਾਲ ਰੂ-ਬ-ਰੂ ਕਰਨ ਜਾ ਰਹੇ ਹਾਂ ਜਿਸ ਨੇ ਇਟਲੀ ਦੇ ਸੂਬੇ ਤਸਕਾਨਾ ਦੇ ਫਿਰੈਸ਼ੇ ਦੇ ਪੰਜ ਸ਼ਹਿਰਾਂ ਵਿੱਚੋਂ ਪੜ੍ਹਾਈ ਵਿੱਚ ਅਵੱਲ ਆਕੇ ਵਿਸ਼ੇਸ਼ ਸਕਾਲਰਸ਼ਿਪ ਐਵਾਰਡ ਜਿੱਤਿਆ ਹੈ। ਇਹ ਪੰਜਾਬ ਦੀ ਦੁਲਾਰੀ ਧੀ ਹੈ ਹਰਮਨਪ੍ਰੀਤ ਕੌਰ ਸਪੁੱਤਰੀ ਸੁਖਵਿੰਦਰ ਸਿੰਘ ਤੇ ਹਰਵਿੰਦਰ ਕੌਰ ਜਿਹੜੀ ਕਿ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਦੇ ਪਿੰਡ ਅਮਰਗੜ੍ਹ ਦੀ ਜੰਮਪਲ ਹੈ। ਇਸ ਧੀ ਰਾਣੀ ਨੇ ਫੂਚੈਕਿਓ ਸ਼ਹਿਰ ਦੇ ਕੇਕੀ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ 99% ਨੰਬਰ ਲੈਕੇ ਕੀਤੀ ਹੈ ਤੇ ਫਿਰੈਂਸੇ ਜ਼ਿਲ੍ਹੇ ਦੇ 5 ਸ਼ਹਿਰਾਂ ਦੇ ਵਿੱਦਿਆਰਥੀਆਂ ਵਿੱਚ ਅਵੱਲ ਆ ਕੇ ਮਾਪਿਆਂ ਸਮੇਤ ਦੇਸ਼ ਤੇ ਭਾਰਤੀ ਭਾਈਚਾਰੇ ਲਈ ਮਾਣ ਦਾ ਸਵੱਬ ਬਣੀ ਹੈ। ਹਰਮਨਪ੍ਰੀਤ ਕੌਰ ਦੀ ਕਾਬਲੀਅਤ ਦੀ ਬਦੌਲਤ ਹੀ 5 ਸ਼ਹਿਰਾਂ ਦੇ ਨਗਰ ਕੌਂਸਲ ਮੇਅਰ ਵੱਲੋਂ 7500 ਯੂਰੋ ਦਾ ਵਿਸ਼ੇਸ਼ ਸਕਾਲਰਸ਼ਿਪ ਐਵਾਰਡ ਉਸ ਨੂੰ ਇਨਾਮ ਵਜੋਂ ਦਿੱਤਾ ਹੈ ਤਾਂ ਜੋ ਉਹ ਆਪਣੀ ਫਾਰਮੇਸੀ ਦੀ ਪੜ੍ਹਾਈ ਜੋ ਕਿ ਪੀਜਾ ਯੂਨੀਵਰਸਿਟੀ ਤੋਂ ਆਉਣ ਵਾਲੇ 5 ਸਾਲਾਂ ਵਿੱਚ ਕਰੇਗੀ ਉਸ ਵਿੱਚ ਖਰਚ ਸਕੇ। ਹਰਮਨਪ੍ਰੀਤ ਕੌਰ ਪਹਿਲੀ ਅਜਿਹੀ ਪੰਜਾਬਣ ਹੈ ਜਿਸ ਨੇ ਇਹ ਸਕਾਰਸ਼ਿਪ ਐਵਾਰਡ ਜਿੱਤਿਆ ਹੈ ਜਿਸ ਲਈ ਉਸ ਨੂੰ ਤੇ ਉਸ ਦੇ ਮਾਪਿਆਂ ਨੂੰ ਵਿਸ਼ੇਸ਼ ਮੁਬਾਰਕਬਾਦ ਮਿਲ ਰਹੀ ਹੈ।
Boota Singh Basi
President & Chief Editor