ਇਟਲੀ ਵਿੱਚ ਪਿਛਲੇਂ 10 ਸਾਲਾਂ ਦੌਰਾਨ ਜਲਵਾਯੂ ਸੰਕਟ ਦੇ ਮੱਦੇਨਜ਼ਰ ਘਟਨਾਵਾਂ ਵਿੱਚ ਹੋਇਆ 5 ਗੁਣਾ ਵਾਧਾ:-ਕੋਲਦੀਰੇਤੀ

0
247
 *ਯੂਰਪ ਭਰ ਵਿੱਚ 2003 ਤੋਂ 2022 ਤੱਕ ਜਲਵਾਯੂ ਦੇ ਬਦਲਾਵ ਕਾਰਨ ਗਈ 70,000 ਲੋਕਾਂ ਦੀ ਜਾਨ*
ਮਿਲਾਨ (ਦਲਜੀਤ ਮੱਕੜ) -ਕੋਈ ਸਮਾਂ ਸੀ ਕਿ ਏਸ਼ੀਅਨ ਲੋਕ ਯੂਰਪੀਅਨ ਦੇਸ਼ਾਂ ਨੂੰ ਠੰਡੇ ਮੁਲਕ ਮੰਨਦਿਆਂ ਗਰਮੀਂ ਤੋਂ ਬਚਣ ਲਈ ਇਹਨਾਂ ਮੁਲਕਾਂ ਵਿੱਚ ਰਹਿਣ ਬਸੇਰਾ ਕਰਨ ਦੀਆਂ ਬੁਣਤਾਂ ਬਣਾਉਂਦੇ ਸਨ ਪਰ ਹੁਣ ਜਲਵਾਯੂ ਵਿੱਚ ਆ ਰਿਹਾ ਬਦਲਾਵ ਯੂਰਪੀਅਨ ਲੋਕਾਂ ਨੂੰ ਵੀ ਗਰਮੀ ਦੇ ਸਿਖ਼ਰ ਦੇ ਤੇਵਰ ਦਿਖਾ ਰਿਹਾ ਹੈ ਜਿਸ ਕਾਰਨ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ।ਇੱਕ ਸਰਵੇਂ ਅਨੁਸਾਰ ਸੰਨ 2003 ਤੋਂ ਹੁਣ ਤੱਕ ਯੂਰਪ ਭਰ ਵਿੱਚ ਕਰੀਬ 70,000 ਲੋਕਾਂ ਤੋਂ ਜਲਵਾਯੂ ਦਾ ਬਦਲਾਵ ਉਹਨਾਂ ਦੀ ਜਿੰਦਗੀ ਖੋਹ ਕੇ  ਮੌਤ ਦੀ ਨੀਂਦ ਸੁਲਾ ਦਿੱਤਾ ਹੈ।ਇਸ ਸਾਲ ਯੂਰਪੀਅਨ ਦੇਸ਼ ਪੁਰਤਗਾਲ ਵਿੱਚ ਸਭ ਤੋਂ ਵੱਧ ਗਰਮੀ ਦਾ 47 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ।ਇਟਲੀ ਵਿੱਚ ਸੰਨ 1944 ਤੋਂ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਵਾਲੀ ਪ੍ਰਸਿੱਧ ਸੰਸਥਾ ਕੋਲਦੀਰੇਤੀ ਨੇ ਯੂਰਪੀਅਨ ਦੇਸ਼ ਇਟਲੀ ਦੇ ਪਿਛਲੇ 10 ਸਾਲਾਂ ਦੇ ਜਲਵਾਯੂ ਰਿਕਾਰਡ ਵਿੱਚ ਹੋਈ ਹੈਰਾਨੀਕੁਨ ਤਬਦੀਲੀ ਉਪੱਰ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ 10 ਸਾਲਾਂ ਵਿੱਚ ਇਟਲੀ ਦੇ ਜਲਵਾਯੂ ਵਿਚ 5 ਗੁਣਾ ਤੋਂ ਵੀ ਵਧੇਰੇ ਕੁਦਰਤੀ ਆਫਤਾਂ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਇਟਲੀ ਦੇ ਕਈ ਇਲਾਕੇ ਸੋਕੇ ਤੇ ਹੜ੍ਹਾਂ ਦੀ ਮਾਰ ਹੇਠ ਉਜੜ ਗਏ ਤੇ ਕਈ ਇਲਾਕਿਆਂ ਵਿੱਚ ਗਰਮੀ ਦੇ ਪ੍ਰਕੋਪ ਕਾਰਨ ਉਪਜਾਊ ਜਮੀਨ ਬੰਜਰ ਵਿੱਚ ਤਬਦੀਲ ਹੋ ਗਈ।ਸੰਸਥਾ ਨੇ ਕਿਹਾ ਕਿ ਤੂਫਾਨ,ਬਹੁਤ ਜਿ਼ਆਦਾ ਮੀਂਹ,ਵੱਡੇ ਗੜੇ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ ਹੋਇਆ ਇਜਾਫ਼ਾ ਜਨ ਜੀਵਨ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਰਿਹਾ ਹੈ॥ਜੇਕਰ ਇਸ ਸਾਲ ਦੀ ਹੀ ਗੱਲ ਕੀਤੀ ਜਾਵੇ ਤਾਂ ਕੁਦਰਤੀ ਕਹਿਰ ਦੀਆਂ ਘਟਨਾਵਾਂ ਨਾਲ ਖੇਤੀਬਾੜੀ ਨੂੰ ਹੁਣ ਤੱਕ 6 ਬਿਲੀਅਨ ਯੂਰੋ ਦਾ ਨੁਕਸਾਨ ਪਹੁੰਚਿਆ ਹੈ ਜਿਹੜਾ ਕਿ ਰਾਸ਼ਟਰੀ ਉਤਪਾਦਨ ਦਾ ਵਿਸੇ਼ਸ ਹਿੱਸਾ ਸੀ। ਮਾੜੇ ਮੌਸਮ ਦਾ ਪ੍ਰਕੋਪ ਇਸ ਵਕਤ ਮੱਧ ਅਤੇ ਉੱਤਰੀ ਇਟਲੀ ਦੇ ਖੇਤਰਾਂ ਨੂੰ ਵੱਡੀ ਮਾਰ ਪਾ ਰਿਹਾ ਹੈ ਜਿਸ ਵਿੱਚ ਇਟਲੀ ਦੇ ਓਮਬਰੀਆ,ਅਬਰੂਸੋ,ਲਾਸੀਉ, ਲੀਗੂਰੀਆ,ਲੰਬਾਰਦੀਆ,ਮਾਰਕੇਮਤੁਸਕਾਨਾ,ਫਰੀਓਲੀ ਵਿਨੇਸੀਆ ਅਤੇ ਮੋਲੀਜੇ ਆਦਿ ਸੂਬੇ ਸ਼ਾਮਿਲ ਹਨ।ਖਰਾਬ ਮੌਸਮ ਦੇ ਚੱਲਦਿਆਂ ਫਿਰੈਂਸੇ ਦੇ ਕਈ ਇਤਿਹਾਸਕ ਪਾਰਕ ਤੇ ਜਨਤਕ ਥਾਵਾਂ ਨੂੰ ਬੰਦ ਕਰ ਦਿੱਤਾ ਹੈ ਤੇ ਕਈ ਇਲਾਕਿਆਂ ਵਿੱਚ ਸਕੂਲ ਵੀ ਬੰਦ ਕੀਤੇ ਗਏ।ਕੋਲਦੀਰੇਤੀ ਨੇ ਇਸ ਜਲਵਾਯੂ ਦੇ ਵੱਡੇ ਬਦਲਾਵ ਕਾਰਨ ਹੋ ਰਹੀ ਤਬਾਹੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਹੋਕੇ  ਹੰਭਲਾ ਮਾਰਨ ਗੱਲ ਕਹੀ ਹੈ ਜਿਸ ਲਈ ਸਭ ਨੂੰ ਮੌਜੂਦਾ ਸਥੀਤੀ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ।

LEAVE A REPLY

Please enter your comment!
Please enter your name here