ਇਨਕਲਾਬੀ ਕੇਂਦਰ ਪੰਜਾਬ ਅਤੇ ਜਨਤਕ ਜਥੇਬੰਦੀਆਂ ਜੰਤਰ ਮੰਤਰ ਦਿੱਲੀ ਧਰਨੇ ‘ਤੇ ਬੈਠੇ ਪਹਿਲਵਾਨਾਂ ਦੇ ਹੱਕ ਵਿੱਚ ਨਿੱਤਰੀਆਂ

0
204

ਭਾਵਪੂਰਤ ਰੈਲੀ ਤੇ ਰੋਹ ਭਰਪੂਰ ਮੁਜ਼ਾਹਰਾ; ਕੁਸ਼ਤੀ ਸੰਘ ਦੀ ਮੁਖੀ ਦੀ ਅਰਥੀ ਫੂਕੀ; ਗ੍ਰਿਫਤਾਰੀ ਤੇ ਬਰਖ਼ਾਸਤਗੀ ਦੀ ਮੰਗ

ਧੀਆਂ ਦੀਆਂ ਇੱਜਤਾਂ ‘ਤੇ ਹੁੰਦੇ ਹਮਲਿਆਂ ਸਮੇਂ ‘ਮਨ ਕੀ ਬਾਤ’ ਮੌਨ ਕਿਉਂ: ਕੰਵਲਜੀਤ ਖੰਨਾ

ਜਗਰਾਓਂ, 9 ਮਈ, 2023ਃ ਇਨਕਲਾਬੀ ਕੇਂਦਰ ਪੰਜਾਬ ਅਤੇ ਇਲਾਕੇ ਦੀਆਂ ਦਰਜਨ ਦੇ ਕਰੀਬ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੱਦੇ ‘ਤੇ ਜੰਤਰ ਮੰਤਰ ਦਿੱਲੀ ਧਰਨੇ ‘ਤੇ ਬੈਠੇ ਪਹਿਲਵਾਨਾਂ ਦੇ ਸਮਰਥਨ ਵਿੱਚ ਇੱਕ ਭਾਵਪੂਰਤ ਰੈਲੀ ਅਤੇ ਰੋਹ-ਭਰਪੂਰ ਮੁਜ਼ਾਹਰਾ ਕੀਤਾ।

ਇਸ ਮੌਕੇ ਸਥਾਨਕ ਕਮੇਟੀ ਪਾਰਕ ਵਿਖੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਲਗਾਤਾਰ ਪੰਦਰਾਂ ਦਿਨ ਤੋਂ ਦੇਸ਼ ਲਈ ਤਮਗੇ ਜਿੱਤਣ ਵਾਲੇ, ਦੇਸ਼ ਦਾ ਨਾਮ ਸੰਸਾਰ ਭਰ ਚ ਰੌਸ਼ਨ ਕਰਨ ਵਾਲੇ ਪਹਿਲਵਾਨ ਜੰਤਰ ਮੰਤਰ ਦਿੱਲੀ ਧਰਨੇ ‘ਤੇ ਬੈਠੇ ਹਨ। ਉਹ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਤੇ ਬਰਖਾਸਤਗੀ ਦੀ ਮੰਗ ਕਰ ਰਹੇ ਪਰ ਕੇਂਦਰ ਸਰਕਾਰ ਦੀ ਕੰਨ ‘ਤੇ ਜੂੰ ਨਹੀਂ ਸਰਕੀ।

ਪੇੰਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਮਿਲਣ ‘ਤੇ ਤੁਰੰਤ ਐੱਫਆਈਆਰ ਦਰਜ਼ ਹੋਣੀ ਚਾਹੀਦੀ ਸੀ, ਪਰ ਇਸ ਕੇਸ ਵਿੱਚ ਦਿੱਲੀ ਪੁਲਿਸ ਨੇ ਇੱਕ ਨਾਬਾਲਗ ਲੜਕੀ ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ਼ ਕਰਵਾਏ ਜਾਣ ਦੇ ਬਾਵਜੂਦ ਐੱਫਆਈਆਰ ਦਰਜ਼ ਨਹੀਂ ਕੀਤੀ। ਆਖੀਰ ਸੁਪਰੀਮ ਕੋਰਟ ਦੇ ਸਿੱਧੇ ਦਖਲ ਤੋਂ ਬਾਅਦ ਹੀ ਐੱਫ ਆਈ ਆਰ ਦਰਜ਼ ਹੋ ਸਕੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ ਅਤੇ ਗੁਰਮੇਲ ਸਿੰਘ ਭਰੋਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਦੀ ਭਗਵਾਂ ਸਰਕਾਰ ਹਮੇਸ਼ਾ ਆਪਣੇ ਬਲਾਤਕਾਰੀ ਨੇਤਾਵਾਂ ਦੀ ਪਿੱਠ ‘ਤੇ ਆਣ ਖੜਦੀ ਹੈ।ਬਿਲਕਿਸ ਬਾਨੋ ਦੇ ਬਲਾਤਕਾਰੀਆਂ, ਕਾਤਲਾਂ ਨੂੰ ਨਾ ਸਿਰਫ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਗਿਆ ਬਲਕਿ ਜੇਲ੍ਹੋਂ ਬਾਹਰ ਆਉਣ ‘ਤੇ ਢੋਲ ਢਕੱਮਿਆਂ ਨਾਲ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।

ਰੈਲੀ ਨੂੰ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਭਰੋਵਾਲ, ਤਾਰਾ ਸਿੰਘ ਅੱਚਰਵਾਲ ਆਦਿ ਆਗੂਆਂ ਨੇ ਕਿਹਾ ਕਿ ਖੇਡ ਫੈਡਰੇਸ਼ਨਾਂ ਭ੍ਰਿਸ਼ਟਾਚਾਰ ਤੇ ਜਿਨਸੀ ਸ਼ੋਸ਼ਣ ਦਾ ਅੱਡਾ ਬਣ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਦੇ ਲੜਕੇ ਨੇ ਕਦੇ ਕ੍ਰਿਕਟ ਦਾ ਬੈਟ ਨਹੀਂ ਫੜ ਕੇ ਦੇਖਿਆ ਪਰ ਉਸ ਨੂੰ ਅਰਬਾਂ ਰੁਪਏ ਦੇ ਬਜਟ ਵਾਲੇ ਕ੍ਰਿਕਟ ਬੋਰਡਾਂ ਦਾ ਮੁਖੀ ਬਣਾ ਰੱਖਿਆ ਹੈ।

ਰੈਲੀ ਤੋਂ ਬਾਅਦ ਸ਼ਹਿਰ ਵਿੱਚੋਂ ਦੀ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਆਕਾਸ਼ ਗੁੰਜਾਊ ਨਾਹਰਿਆਂ ਨਾਲ ਕੁਸ਼ਤੀ ਸੰਘ ਦੇ ਮੁਖੀ ਦੀ ਗ੍ਰਿਫਤਾਰੀ ਅਤੇ ਬਰਖਾਸਤਗੀ ਦੀ ਮੰਗ ਕੀਤੀ ਗਈ। ਰਾਣੀ ਝਾਂਸੀ ਚੋਂਕ ਵਿਖੇ ਕੁਸ਼ਤੀ ਸੰਘ ਦੇ ਮੁਖੀ ਬੀ ਜੇ ਪੀ ਦੇ ਐੱਮ ਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਅਰਥੀ ਫੂਕੀ ਗਈ। ਬੁਲਾਰਿਆਂ ਨੇ ਧੀਆਂ ਦੀਆਂ ਇੱਜਤਾਂ ਦੀ ਰਾਖੀ ਦੀ ਇਸ ਲੜਾਈ ਨੂੰ ਹੋਰ ਵਿਸ਼ਾਲ ਤੇ ਵਿਆਪਕ ਬਣਾਉਣ ਦਾ ਅਹਿਦ ਲਿਆ।

ਇਸ ਮੌਕੇ ਤਰਸੇਮ ਸਿੰਘ ਬੱਸੂਵਾਲ ਗੱਲਾ, ਠਾਣਾ ਸਿੰਘ ਸੂਜਾਪੁਰ, ਮਜ਼ਦੂਰ ਯੂਨੀਅਨ ਦੇ ਆਗੂ ਰਾਜਪਾਲ ਬਾਬਾ, ਪੇੰਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਮਦਨ ਸਿੰਘ, ਜਸਵਿੰਦਰ ਸਿੰਘ ਭਮਾਲ, ਸਾਹਿਤਕਾਰ ਹਰਬੰਸ ਸਿੰਘ ਅਖਾੜਾ, ਪਰਮਿੰਦਰ ਸਿੰਘ ਪਿੱਕਾ, ਤਰਕਸ਼ੀਲ ਚਿੰਤਕ ਸੁਰਜੀਤ ਦੌਧਰ, ਕਰਤਾਰ ਸਿੰਘ ਵੀਰਾਨ, ਮਾਸਟਰ ਜਸਵੰਤ ਸਿੰਘ ਚੂਹੜਚੱਕ, ਦੇਵਿੰਦਰ ਸਿੰਘ ਕਾਓਂਕੇ, ਜਗਦੀਸ਼ ਸਿੰਘ ਕਾਉਂਕੇ, ਕਰਨੈਲ ਸਿੰਘ ਭੋਲਾ, ਕਮਲ ਬੱਸੀਆਂ, ਟਹਿਲ ਸਿੰਘ ਅਖਾੜਾ, ਸੁਖਦੇਵ ਸਿੰਘ ਮਾਣੂਕੇ ਆਦਿ ਹਾਜਰ ਸਨ।

LEAVE A REPLY

Please enter your comment!
Please enter your name here