ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਦਰਜ਼ ਝੂਠਾ ਪੁਲਿਸ ਕੇਸ  ਰੱਦ ਕਰਨ ਲਈ ਸੰਘਰਸ਼

0
125
ਐਸਐਸਪੀ ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਐਸਪੀ ਨੂੰ ਸੌਂਪਿਆ ਮੰਗ ਪੱਤਰ
ਬਰਨਾਲਾ,
ਲੋਕ ਹਿੱਤਾਂ ਲਈ ਜੂਝਣ ਵਾਲੇ ਸੰਘਰਸ਼ਸ਼ੀਲ ਕਾਫ਼ਲੇ ਪੁਲਿਸ ਦੀ ਅੱਖ ਵਿੱਚ ਰੋੜ ਵਾਂਗ ਰੜਕਦੇ ਰਹਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਐਸਐਸਪੀ ਬਰਨਾਲਾ ਦੇ ਦਫ਼ਤਰ ਅੱਗੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨਰਾਇਣ ਦੱਤ, ਬਲਵੰਤ ਉੱਪਲੀ, ਗੁਰਮੀਤ ਸੁਖਪੁਰਾ ਅਤੇ ਗੁਰਮੇਲ ਠੁੱਲੀਵਾਲ ਨੇ ਕਰਦਿਆਂ ਕਿਹਾ ਕਿ ਬਰਨਾਲਾ ਦੀ ਸੇਖਾ ਰੋਡ ਦੀ ਗਲੀ 10-11 ਦੇ ਬਸ਼ਿੰਦਿਆਂ ਦਾ ਕੁੱਝ ਵੱਡੇ ਵਪਾਰਕ ਘਰਾਣਿਆਂ ਨੇ ਮਿਉਂਸਪਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰਕੇ ਕਦੇ ਸ਼ੈਲਰ, ਕਦੇ ਗੁਦਾਮ ਬਣਾਕੇ ਜਿਉਣਾ ਦੁੱਭਰ ਕੀਤਾ ਹੋਇਆ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਦੀ ਅਗਵਾਈ ਵਿੱਚ ਸੰਘਰਸ਼ ਕਮੇਟੀ ਬਣਾਕੇ ਸੰਘਰਸ਼ ਕਰ ਰਹੇ ਹਨ। ਵੱਡੇ ਵਪਾਰੀਆਂ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ ਫਰਬਰੀ 2023 ਵਿੱਚ ਇੱਕ ਕੇਟਰਿੰਗ ਕਰਨ ਵਾਲੇ ਦਲਿਤ ਭਾਈਚਾਰੇ ਨਾਲ ਸਬੰਧਤ ਕਾਲੇ ਨੇ 35-40 ਮਾਰੂ ਹਥਿਆਰਾਂ ਨਾਲ ਲੈਸ ਵਿਅਕਤੀਆਂ ਰਾਹੀਂ ਅਗਵਾ ਕਰਕੇ ਮਾਰਨ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਨਕਲਾਬੀ ਕੇਂਦਰ ਦੀ ਅਗਵਾਈ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਡੀਐੱਸਪੀ ਬਰਨਾਲਾ ਦੇ ਦਫ਼ਤਰ ਤੱਕ ਗੁੰਡਾਗਰਦੀ ਵਿਰੋਧੀ ਰੋਹ ਭਰਪੂਰ ਮਾਰਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੁਲਿਸ ਨੇ ਪਹਿਲਾਂ ਹੀ ਐਸਸੀ/ਐਸਟੀ ਐਕਟ ਲਾਉਣ ਦੀ ਮਨਸ਼ਾ ਨਾਲ ਡਾ ਰਜਿੰਦਰ ਖਿਲਾਫ਼ ਝੂਠੀ ਸ਼ਿਕਾਇਤ ਹਾਸਲ ਕਰ ਲਈ। ਲਗਾਤਾਰ ਸੰਘਰਸ਼ ਦੇ ਬਣੇ ਦਬਾਅ ਤੋਂ ਬਾਅਦ ਦੋਸ਼ੀ ਖ਼ਿਲਾਫ਼ ਅਗਵਾ ਦਾ ਪਰਚਾ ਦਰਜ਼ ਕੀਤਾ। ਅਸਲ ਸਾਜ਼ਿਸ਼ ਘਾੜੇ ਵਪਾਰਕ ਘਰਾਣਿਆਂ ਨੂੰ ਛੱਡ ਦਿੱਤਾ ਗਿਆ। ਕੁੱਝ ਸਮੇਂ ਬਾਅਦ ਅਗਵਾ ਦੀ ਧਾਰਾ ਵੀ ਤੋੜ ਦਿੱਤੀ ਗਈ। ਉਲਟਾ ਚੋਰ ਕੋਤਵਾਲ ਕੋ ਡਾਂਟੇ ਦੀ ਕਹਾਵਤ ਸੱਚ ਸਾਬਤ ਹੋਈ ਡਾ ਰਜਿੰਦਰ ਦਾ ਕਰਾਸ ਕੇਸ ਬਣਾਕੇ ਚਲਾਣ ਪੇਸ਼ ਕਰਨ ਦੀ ਤਿਆਰੀ ਵਿੱਢ ਦਿੱਤੀ। ਜਥੇਬੰਦੀਆਂ ਨੇ ਪੁਲਿਸ ਦੀ ਇਸ ਧੱਕੇਸ਼ਾਹੀ ਦਾ ਸਖ਼ਤ ਨੋਟਿਸ ਲੈਂਦਿਆਂ ਐਸਐਸਪੀ ਬਰਨਾਲਾ ਨੂੰ ਮਿਲਕੇ ਇਨਸਾਫ਼ ਦੀ ਮੰਗ ਕੀਤੀ। ਉਲਟਾ 10 ਮਹੀਨੇ ਬਾਅਦ ਵੀ ਪੁਲਿਸ ਵੱਲੋਂ ਐਸਸੀ/ਐਸਟੀ ਵਾਲੀ ਤਲਵਾਰ ਲਮਕਾ ਕੇ ਦੋਸ਼ੀ ਦਾ ਪੱਖ ਪੂਰਨ ਦੀ ਮਨਸ਼ਾ ਸਾਹਮਣੇ ਆਈ। ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ, ਮੁਲਾਜ਼ਮ ਜਥੇਬੰਦੀਆਂ ਦਾ ਵੱਡਾ ਵਫ਼ਦ ਐਸਐਸਪੀ ਬਰਨਾਲਾ ਨੂੰ ਮਿਲਣ ਲਈ ਗਿਆ। ਐਸਐਸਪੀ ਤੋਂ ਬਾਅਦ ਕੋਈ ਅਧਿਕਾਰੀ ਮੰਗ ਪੱਤਰ ਲੈਣ ਨਹੀਂ ਆਇਆ ਸਗੋਂ ਦਫ਼ਤਰ ਦੇ ਬੂਹੇ ਹੀ ਬੰਦ ਕਰ ਲਏ। ਆਗੂਆਂ ਨੇ ਪੁਲਿਸ ਧੱਕੇਸ਼ਾਹੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੰਬੀ ਜੱਦੋਜਹਿਦ ਤੋਂ ਬਾਅਦ ਐਸ ਪੀ ਵੱਲੋਂ ਮੰਗ ਪੱਤਰ ਲੈਣ ਲਈ ਬੁਲਾਇਆ ਪਰ ਇਹ ਵਾਅਦਾ ਵੀ ਵਫ਼ਾ ਨਾ ਹੋਇਆ। ਇਸੇ ਸਮੇਂ ਡੀਐਸਪੀ ਬਰਨਾਲਾ ਸਬ ਡਵੀਜ਼ਨ ਮੰਗ ਪੱਤਰ ਲੈਣ ਲਈ ਆਣ ਬਹੁੜਿਆ।  ਇਹ ਉਹੀ ਡੀਐਸਪੀ ਸੀ ਜਿਸ ਦੀ ਸ਼ਹਿ ਤੇ ਸਾਰੀ ਘਟਨਾ ਵਾਪਰੀ ਹੈ। ਇਹ ਵੇਖ ਕੇ ਜਥੇਬੰਦੀਆਂ ਦਾ ਗੁੱਸਾ ਅਸਮਾਨੀ ਚੜ੍ਹ ਗਿਆ ਅਤੇ ਡੀਐਸਪੀ ਦੇ ਸਾਹਮਣੇ ਹੀ ਐਲਾਨ ਕਰ ਦਿੱਤਾ ਕਿ ਇਸ ਨੂੰ ਮੰਗ ਪੱਤਰ ਕਦਾਚਿੱਤ ਵੀ ਦਿੱਤਾ ਜਾਵੇਗਾ। ਡੀਐਸਪੀ ਨੂੰ ਵਾਪਸ ਮੁੜਨ ਲਈ ਮਜ਼ਬੂਰ ਕਰ ਦਿੱਤਾ। ਆਗੂਆਂ ਕਿਹਾ ਕਿ ਜਥੇਬੰਦੀਆਂ ਦੀ  ਸੁਚੱਜੀ ਅਗਵਾਈ, ਸਹੀ ਵਕਤ, ਸਹੀ ਅਤੇ ਦ੍ਰਿੜ ਫ਼ੈਸਲਾ ਕਰਨ ਵਾਲੇ ਆਗੂਆਂ ਨੂੰ ਪੁਲਿਸ ਦੀਆਂ ਸਾਜ਼ਸ਼ਾਂ ਮੰਜ਼ਿਲ ਵੱਲ ਅੱਗੇ ਵਧਣ ਤੋਂ ਰੋਕ ਨਹੀਂ ਸਕਦੀਆਂ। ਇਸ ਸਮੇਂ ਮੰਗ ਪੱਤਰ ਲੈਣ ਪਹੁੰਚੇ ਐਸਪੀ ਪੀਬੀਆਈ ਦੇ ਮੂੰਹ ਤੇ ਹੀ ਆਗੂਆਂ ਨੇ ਖਰੀਆਂ ਖਰੀਆਂ ਸੁਣਾਈਆਂ। ਐਲਾਨ ਕੀਤਾ ਕਿ ਲੋਕ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਦੀ ਅੱਖ ਦੀ ਪੁਤਲੀ ਵਾਂਗ ਰਾਖੀ ਕੀਤੀ ਜਾਵੇਗੀ।
ਆਗੂਆਂ ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਰਾਮ ਸਿੰਘ ਸ਼ਹਿਣਾ, ਬਾਬੂ ਸਿੰਘ ਖੁੱਡੀਕਲਾਂ, ਕੁਲਵਿੰਦਰ ਸਿੰਘ ਉੱਪਲੀ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਠੁੱਲੀਵਾਲ, ਜਸਪਾਲ ਸਿੰਘ ਚੀਮਾ, ਹਰਚਰਨ ਸਿੰਘ ਚਾਹਲ, ਬਿੱਕਰ ਸਿੰਘ ਔਲਖ ਨੇ ਕਿਹਾ ਕਿ ਅਜਿਹਾ ਕਰਨ ਪਿੱਛੇ ਵੱਡੇ ਵਪਾਰਕ ਘਰਾਣਿਆਂ ਅਤੇ ਸਿਆਸੀ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਸਕਦਾ।
ਆਗੂਆਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ਼ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਡਾ ਰਜਿੰਦਰ ਪਾਲ ਉੱਪਰ ਨਜਾਇਜ਼ ਦਰਜ਼ ਕੀਤਾ ਪਰਚਾ ਰੱਦ ਕੀਤਾ ਜਾਵੇ। ਪੁਲਿਸ ਦੀ ਅਜਿਹੀ ਧੱਕੇਸ਼ਾਹੀ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here