ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀਵਾਦ ਦੇ ਏਜੰਡੇ ਖ਼ਿਲਾਫ਼ ਦੱਧਾਹੂਰ ਅਤੇ ਕਾਲਸਾਂ ਵਿੱਚ ਚੇਤਨਾ ਬੈਠਕਾਂ ਮਿਹਨਤਕਸ਼ ਲੋਕਾਈ ਦੀ ਮੁਕਤੀ ਚਿਹਰੇ ਬਦਲਣ ਨਾਲ ਨਹੀਂ, ਲੁਟੇਰਾ ਪ੍ਰਬੰਧ ਬਦਲਣ ਨਾਲ ਹੋਵੇਗੀ: ਡਾ ਰਜਿੰਦਰ ਪਾਲ, ਮਨਜੀਤ ਧਨੇਰ

0
39
ਰਾਏਕੋਟ, 28 ਮਈ, 2024: ਇਨਕਲਾਬੀ ਕੇਂਦਰ, ਪੰਜਾਬ ਵੱਲੋਂ 18ਵੀਆਂ ਲੋਕ ਸਭਾ ਚੋਣਾਂ ਦੇ ਮਘੇ ਭਖੇ ਅਖਾੜੇ ਸਮੇਂ ਮੁਹਿੰਮ ਲਗਾਤਾਰ ਚੱਲ ਰਹੀ ਹੈ। ਦੱਧਾਹੂਰ ਅਤੇ ਕਾਲਸਾਂ ਵਿਖੇ ਭਰਵੀਂਆਂ ਮਰਦ-ਔਰਤਾਂ ਦੀ ਸ਼ਮੂਲੀਅਤ ਵਾਲੀਆਂ ਮੀਟਿੰਗਾਂ ਕਰਵਾਈਆਂ ਗਈਆਂ। ‘ਭਾਰਤੀ ਜਨਤਾ ਪਾਰਟੀ ਦੇ ਫ਼ਿਰਕੂ ਫਾਸ਼ੀਵਾਦ ਨੂੰ ਭਾਂਜ ਦਿਓ- ਆਪਣੀਆਂ ਸਮੱਸਿਆਵਾਂ ਦੇ ਬੁਨਿਆਦੀ ਅਤੇ ਪੱਕੇ ਹੱਲ ਲਈ ਇਨਕਲਾਬ ਦਾ ਝੰਡਾ ਚੁੱਕੋ’ ਅਧਾਰਤ ਮੁਹਿੰਮ ਵੋਟ ਪ੍ਰਬੰਧ ਦੀ ਖਸਲਤ ਦੀ ਵਿਆਖਿਆ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ ਅਤੇ ਜਗਰਾਜ ਹਰਦਾਸਪੁਰਾ ਨੇ ਪਾਰਲੀਮੈਂਟ ਢਾਂਚੇ ਦੇ ਚੀਰਫਾੜ ਕਰਦਿਆਂ ਕਿਹਾ ਕਿ 77 ਸਾਲ ਦੇ ਭਾਰਤ ਅੰਦਰਲੇ ਚੋਣਾਂ ਦੀ ਅਸਲੀਅਤ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਗ ਲੈਣ ਅਤੇ ਜਿੱਤਕੇ ਹਕੂਮਤੀ ਸਤਾ ਹਾਸਲ ਕਰਨ ਵਾਲੇ ਨੁਮਾਇੰਦੇ ਵਿਅਕਤੀਗਤ ਰੂਪ ਵਿੱਚ ਪੂਰਨ ਸੁਹਿਰਦ ਹੁੰਦਿਆਂ ਹੋਇਆਂ ਵੀ, ਇਹ ਆਉਣ ਵਾਲੇ ਸਮੇਂ ਵਿੱਚ ਜਾਂ ਤਾਂ ਸਾਮਰਾਜੀ ਸੰਸਥਾਵਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਬੇਲੋੜਾ ਸ਼ਿੰਗਾਰ ਜਾਂ ਉਸ ਲਈ ਇੱਕ ਪ੍ਰਕਾਰ ਦਾ ਪਰਦਾ ਹੁੰਦੇ ਹਨ। ਉਹ ਇੱਕ ਪ੍ਰਕਾਰ ਅਸਮਾਨੀ ਬਿਜਲੀ ਤੋਂ ਬਚਾਉਣ ਵਾਲੇ ਕੰਡਕਟਰ ਹੁੰਦੇ ਹਨ ਜੋ ਸਰਕਾਰ ਵਿਰੁੱਧ ਲੋਕਾਂ ਦੇ ਰੋਹ ਨੂੰ ਲਾਂਭੇ ਲਿਜਾਂਦੇ ਹਨ, ਤੇ ਜੋ ਲੋਕਾਂ ਨੂੰ ਧੋਖਾ ਦੇਣ ਲਈ ਸਰਕਾਰ ਦਾ ਇੱਕ ਹਥਿਆਰ ਹੋ ਨਿੱਬੜਦੇ ਹਨ। ਜਿੰਨਾ ਚਿਰ ਲੁੱਟ, ਜਬਰ ਵਾਲਾ ਲੋਕ ਦੋਖੀ ਪ੍ਰਬੰਧ ਕਾਇਮ ਹੈ ਅਤੇ ਜਦੋਂ ਤੱਕ ਪੁਰਾਣਾ ਰਾਜ ਢਾਂਚਾ ਮੌਜੂਦ ਹੈ, ਇਵੇਂ ਹੀ ਹੁੰਦਾ ਰਹੇਗਾ। ਉਨ੍ਹਾਂ ਇਸ ਢਾਂਚੇ ਨੂੰ ਉਖਾੜ ਕੇ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਜਮਾਤੀ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ।
ਇਸ ਸਮੇਂ ਸੰਬੋਧਨ ਕਰਦਿਆਂ ਨੌਜਵਾਨ ਆਗੂਆਂ ਹਰਪ੍ਰੀਤ ਅਤੇ ਜਗਮੀਤ ਬੱਲਮਗੜ੍ਹ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਮੌਕੇ ਪਾਰਲੀਮਾਨੀ ਪ੍ਰਬੰਧ ਦੇ ਇਤਿਹਾਸ ਨੂੰ ਜਾਨਣ ਦੀ ਲੋੜ ਹੈ ਕਿ ਇਹ ਕਦੋਂ, ਕਿਉਂ ਅਤੇ ਕਿਸ ਦੇ ਹਿੱਤਾਂ ਲਈ ਹੋਂਦ ‘ਚ ਆਇਆ, ਸਮਝਣ ਦੀ ਲੋੜ ਹੈ। ਮੌਜ਼ੂਦਾ ਸਮੇਂ ਦੇ ਸੰਕਟ ਤੇ ਪੈਦਾ ਹੋ ਰਹੀ ਭੰਬਲਭੂਸੇ ਵਾਲੀ ਹਾਲਤ ਦੀ ਹਕੀਕਤ ਨੂੰ ਜਾਣਨ ਲਈ ਇਸ ਗੰਭੀਰ ਮੁੱਦੇ ‘ਤੇ ਵਿਚਾਰ ਚਰਚਾਵਾਂ ਕਰਨੀਆਂ ਅੱਜ ਦੀ ਬੇਹੱਦ ਲਾਜ਼ਮੀ ਲੋੜ ਹੈ, ਕਿਉੰਕਿ ਭਾਰਤ ਵਿੱਚ ਜੋ ਇਹ 18ਵੀਆਂ ਲੋਕ ਸਭਾ ਚੋਣਾਂ ਉਸ ਸਮੇਂ ਹੋ ਰਹੀਆਂ ਹਨ ਜਦੋਂ ਭਾਰਤ ਸਮੇਤ ਦੁਨੀਆਂ ਭਰ ਦੇ ਲੁਟੇਰੇ ਹਾਕਮ ਇੱਕ ਬਹੁਤ ਵੱਡੇ ਸੰਕਟ ਵਿੱਚ ਘਿਰਦੇ ਜਾ ਰਹੇ ਹਨ। ਸੰਸਾਰ ਪੱਧਰ ਤੇ ਸਿਖਰਾਂ ਛੋਹ ਰਹੀ ਗੈਰ ਬਰਾਬਰੀ, ਪਰਮਾਣੂ ਹਥਿਆਰਾਂ ਦੀ ਹੋਂਦ ਤੇ ਵਾਤਾਵਰਨ ਸੰਕਟ ਮੌਜ਼ੂਦਾ ਸੰਕਟ ਨੂੰ ਹੋਰ ਵੀ ਵੱਧ ਤਿੱਖਾ ਕਰ ਰਿਹਾ ਹੈ। ਇਸੇ ਕਾਰਨ ਇਸ ਸਾਲ 2024 ਵਿੱਚ ਦੁਨੀਆਂ ਦੀ ਲਗਭਗ ਅੱਧੀ ਆਬਾਦੀ ਦੇ ਮੁਲਕਾਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਮੋਦੀ ਦੀ ਅਗਵਾਈ ਵਾਲੀ ਆਰ ਐਸ ਐਸ ਦੇ ਹਿੰਦੂਤਵੀ ਫ਼ਿਰਕੂ ਫਾਸ਼ੀ ਏਜੰਡੇ ਵਾਲੀ ਬੀਜੇਪੀ ਪਾਰਟੀ ਵਰਗੀਆਂ ਫਿਰਕਾਪ੍ਰਸਤ ਜਾਂ ਨਸਲੀ ਵਿਤਕਰੇ ਵਾਲੀਆਂ ਪਾਰਟੀਆਂ ਰਾਜ ਸੱਤਾ ਤੇ ਕਾਬਜ਼ ਹੋ ਰਹੀਆਂ ਹਨ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਕਿਰਤੀ ਲੋਕਾਂ ਨੂੰ ਹੋਰ ਵੱਧ ਦਬਾਇਆ ਕੁਚਲਿਆ ਜਾ ਸਕੇ। ਇਸ ਸਮੇਂ ਇਨਕਲਾਬੀ ਕੇਂਦਰ ਦੇ ਆਗੂਆਂ ਯਾਦਵਿੰਦਰ ਠੀਕਰੀਵਾਲ, ਅਜਮੇਰ ਕਾਲਸਾਂ ਆਦਿ ਆਗੂਆਂ ਨੇ ਚੇਤਨਾ ਮੀਟਿੰਗ ਵਿੱਚ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੁਹਿੰਮ ਦੌਰਾਨ ਹਕੀਕੀ ਲੋਕ ਮਸਲਿਆਂ ਨੂੰ ਉਭਾਰਦਾ ‘ਦੇਸ਼ ਅੰਦਰ ਨੰਗਾ ਚਿੱਟਾ ਧੱਕੜ ਰਾਜ ਮੜ੍ਹਨ ‘ਤੇ ਉਤਾਰੂ, ਭਾਜਪਾ ਦੇ ਫ਼ਿਰਕੂ ਫਾਸ਼ੀਵਾਦ ਨੂੰ ਪਛਾੜੋ-ਅਸਲੀ ਲੋਕ ਰਾਜ ਸਥਾਪਤ ਕਰਨ ਲਈ ਇਨਕਲਾਬ ਦੇ ਰਾਹ ਪਓ’ ਲੀਫਲੈੱਟ ਘਰ-ਘਰ ਵੰਡਣ ਅਤੇ ਮੀਟਿੰਗਾਂ ਦੀ ਮੁਹਿੰਮ 30 ਮਈ ਤੱਕ ਜਾਰੀ ਰਹੇਗੀ। ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ 8 ਸਾਲ ਪੁਰਾਣੇ ਕੇਸ ਵਿੱਚ ਜੇਲ੍ਹ ਡੱਕਣ ਨੂੰ ਆੜੇ ਹੱਥੀਂ ਲੈਂਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਮੋਦੀ ਸਰਕਾਰ ਦੇ ਜਾਬਰ ਫਾਸ਼ੀ ਹੱਲੇ ਖ਼ਿਲਾਫ਼ ਸਵਾਲ ਪੁੱਛਣ ਲਈ ਲਾਮਬੰਦ ਹੋਏ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਨੂੰ ਖੁੱਲ੍ਹੀ ਜੇਲ੍ਹ ਵਿੱਚ ਤਬਦੀਲ ਕਰਨ, ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਨ, ਆਗੂਆਂ ਦੇ ਘਰਾਂ ਵਿੱਚ ਛਾਪੇ ਮਾਰੀ ਕਰਨ, ਕਾਫ਼ਲਿਆਂ ਨੂੰ ਰਸਤਿਆਂ ਵਿੱਚ ਰੋਕਣ, ਇੱਥੋਂ ਤੱਕ ਕਿ ਔਰਤ ਆਗੂ ਗੁਰਬਖਸ਼ ਕੌਰ ਸੰਘਾ ਨੂੰ ਥਾਣੇ ਨਜ਼ਰਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਹਕੂਮਤ ਦੇ ਅਜਿਹੇ ਹਥਕੰਡੇ ਸੰਘਰਸ਼ਸ਼ੀਲ ਕਾਫਲਿਊ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੇ। ਇਨ੍ਹਾਂ ਚੇਤਨਾ ਮੀਟਿੰਗਾਂ ਅਤੇ ਲੀਫਲੈੱਟ ਵੰਡਣ ਦੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸੰਦੀਪ ਸੋਨੀ, ਮਨਦੀਪ ਸਿੰਘ, ਵਿਸਾਖਾ ਸਿੰਘ, ਅਜਮੇਰ ਸਿੰਘ, ਡਾ. ਅਮਰਜੀਤ ਸਿੰਘ ਆਦਿ ਆਗੂਆਂ ਨੇ ਸਰਗਰਮ ਸਹਿਯੋਗ ਕੀਤਾ।

LEAVE A REPLY

Please enter your comment!
Please enter your name here