ਚੰਡੀਗੜ੍ਹ, 20 ਜੁਲਾਈ, 2023: ਮਨੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਦੀ ਕਥਿਤ ਘਟਨਾ ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨਰਾਇਣ ਦੱਤ ਅਤੇ ਕੰਵਲਜੀਤ ਖੰਨਾ ਕਿਹਾ ਕਿ ਇਹ ਘਟਨਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ ਅਤੇ ਇਸ ਨਾਲ ਪੂਰੇ ਦੇਸ਼ ਦਾ ਅਪਮਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 4 ਮਈ ਨੂੰ ਮਨੀਪੁਰ ‘ਚ ਦੋ ਔਰਤਾਂ ਨੂੰ ਗੈੰਗਰੇਪ ਤੋਂ ਬਾਦ ਅਲਫ ਨੰਗੀ ਹਾਲਤ ‘ਚ ਸੜਕਾਂ ‘ਤੇ ਘੁਮਾਉਣ ਦੀ ਘਟਨਾ ਨੇ ਹਰ ਜਮੀਰ ਵਾਲੇ ਵਿਅਕਤੀ ਦਾ ਦਿਮਾਗ ਸੁੰਨ ਕਰਕੇ ਰੱਖ ਦਿੱਤਾ ਹੈ। ਮਣੀਪੁਰ ਦੀ ਲਿਖਤੀ ਭਾਸ਼ਾ ਨਾਲ ਵਾਇਰਲ ਉਹ ਅਤਿਅੰਤ ਸ਼ਰਮਨਾਕ ਵੀਡੀਓ ਹੁਣ ਸ਼ੋਸ਼ਲ ਮੀਡੀਆ ਤੋਂ ਹਟਾ ਦਿਤੀ ਗਈ ਹੈ। ਸੈਂਕੜੇ ਮਰਦਾਂ ਚ ਘਿਰੀਆਂ ਦੋਹੇਂ ਔਰਤਾਂ ਜਾਰ ਜਾਰ ਰੋ ਰਹੀਆਂ ਹਨ ਤੇ ਉਨਾਂ ਦੇ ਸ਼ਰੀਰ ਨਾਲ ਛੇੜਛਾੜ ਕਰ ਰਹੀ ਭੀੜ ਦੀ ਗੰਦੀ ਮਾਨਸਿਕਤਾ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਨਿਘਾਰ ਦੇ ਡੂੰਘੇ ਪਤਾਲ ਚ ਗਰਕ ਹੋ ਚੁਕੇ ਹਾਂ।
ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਰੋਮ ਦੇ ਸੜਣ ਦਾ ਇਹ ਅਖਾਣ ਸਾਡੇ ਵਿਸ਼ਵਗੁਰੂ ਤੇ ਬੇਹੱਦ ਢੁੱਕਵਾਂ ਹੈ ਕਿ ਮਣੀਪੁਰ ਸੜ ਰਿਹਾ ਹੈ ਪਰ ਸਾਡਾ ਨੀਰੋ ਬੰਸਰੀ ਵਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋ ਡੇਢ ਸੋ ਦੇ ਕਰੀਬ ਮੌਤਾਂ ਦੀ ਕਤਲਗਾਹ ਬਣੇ, ਸੱਠ ਹਜਾਰ ਘਰਾਂ ਦੇ ਉਜਾੜੇ, ਹਜਾਰਾਂ ਵਿਦਰੋਹੀਆਂ ਨੂੰ ਜੇਲ ਚਬੰਦ ਕਰਨ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੁੱਪ ਬੇਹਦ ਸ਼ਰਮਨਾਕ ਹੈ। ਅੱਜ ਲੋਕ ਸਭਾ ‘ਚ ਪਏ ਸ਼ੋਰ ਸ਼ਰਾਬੇ ‘ਚ ਮੋਦੀ ਵਲੋਂ ਵਹਾਏ ਮਗਰਮੱਛ ਦੇ ਹੰਝੂਆਂ ਨਾਲ ਉਨਾਂ ਔਰਤਾਂ ਦਾ ਪੁਰਾਣਾ ਜੀਵਨ ਕਾਲ ਬਹਾਲ ਹੋ ਸਕੇਗਾ; ਕਦਾਚਿਤ ਨਹੀਂ। ਉਨਾਂ ਸਮੂਹ ਇਨਕਲਾਬੀ ਸ਼ਕਤੀਆਂ ਨੂੰ ਮਨੀਪੁਰ ਦੇ ਗੰਭੀਰ ਮਸਲੇ ਤੇ ਇਕਜੁੱਟ ਆਵਾਜ ਉਠਾਉਣ ਦਾ ਸੱਦਾ ਦਿਤਾ ਹੈ।