ਇਨਕਲਾਬੀ ਜਮਹੂਰੀਅਤ ਦੀ ਅਹਿਮ ਸ਼ਖ਼ਸੀਅਤ, ਲੋਕ ਘੋਲਾਂ ਦੇ ਅਲੰਬਰਦਾਰ ਨਾਮਦੇਵ ਭੂਟਾਲ ਦਾ ਬੇਵਕਤੀ ਵਿਛੋੜਾ

0
195
ਚੰਡੀਗੜ੍ਹ,
ਇਨਕਲਾਬੀ ਜਮਹੂਰੀ ਹਲਕਿਆਂ ਦੀ ਜਾਣੀ ਪਛਾਣੀ ਸ਼ਖ਼ਸੀਅਤ, ਲੋਕ ਘੋਲਾਂ ਦੇ ਅਲੰਬਰਦਾਰ ਸਾਥੀ ਨਾਮਦੇਵ ਭੁਟਾਲ ਦੇ ਬੇਵਕਤੀ ਵਿਛੋੜੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਇਨਕਲਾਬੀ ਕੇਂਦਰ ਪੰਜਾਬ ਨੇ ਸਾਥੀ ਨਾਮਦੇਵ ਭੁਟਾਲ ਦੇ ਇਉਂ ਬੇਵਕਤੀ ਚਲੇ ਜਾਣ ਸਮੇਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਯਾਦ ਰਹੇ ਕਿ ਸਾਥੀ ਨਾਮਦੇਵ ਭੁਟਾਲ ਭਰ ਜਵਾਨੀ ਪਹਿਰੇ ਤੋਂ ਇਨਕਲਾਬੀ ਜਮਹੂਰੀ ਲਹਿਰ ਨੂੰ ਸਮਰਪਿਤ ਰਹੇ ਹਨ। ਨੌਜਵਾਨ ਭਾਰਤ ਸਭਾ ਤੋਂ ਲੈਕੇ ਜਮਹੂਰੀ ਅਧਿਕਾਰ ਸਭਾ ਤੱਕ ਦਾ ਸਾਥੀ ਨਾਮਦੇਵ ਭੁਟਾਲ ਦਾ ਪੰਜ ਦਹਾਕਿਆਂ ਦਾ ਸਫ਼ਰ ਹੈ। ਹਾਲਾਂ ਕਿ ਪਿਛਲੇ ਮਹੀਨੇ ਹੀ ਸਾਥੀ ਨਾਮਦੇਵ ਭੁਟਾਲ ਨੂੰ ਹਾਰਟ ਦੀ ਸ਼ਿਕਾਇਤ ਆਈ, ਦੋ ਸਟੰਟ ਪਾਉਣੇ ਪਏ, ਤੰਦਰੁਸਤ ਹੋ ਗਿਆ। ਅੱਜ ਸਵੇਰ ਸਮੇਂ ਸਾਦੀਹਰੀ ਪੁਲਿਸ ਵੱਲੋਂ ਕੀਤੇ ਜਬਰ ਸਬੰਧੀ ਵਿਚਾਰ ਵਟਾਂਦਰਾ ਕਰਦਾ ਰਿਹਾ। ਦਿਨ ਸਮੇਂ ਬਕਾਇਆ ਘਰੋਂ ਪੈਦਲ ਚੱਲ ਕੇ ਤਹਿਸੀਲ ਦਫਤਰ ਨੌਜਵਾਨ ਸ਼ਮਿੰਦਰ ਨਾਲ ਗੱਲਬਾਤ ਕੀਤੀ, ਰਣਜੀਤ ਲਹਿਰਾ ਕੋਲ ਕੁੱਝ ਸਮੇਂ ਲਈ ਰੁਕਿਆ ਪਰ ਅਮੁੱਕ ਲੋਕ ਪੱਖੀ ਸਫ਼ਰ ਦਾ ਪਾਂਧੀ ਬਜ਼ਾਰ ਵਿੱਚ ਹੀ ਚੱਕਰ ਆਉਣ ਉਪਰੰਤ ਥਾਏਂ ਹੀ ਡਿੱਗ ਪਿਆ। ਅਟੈਕ ਇੰਨਾ ਭਿਆਨਕ ਸੀ ਕਿ ਸੰਭਾਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ। ਜਗਜੀਤ ਭੁਟਾਲ ਨੂੰ ਬਜ਼ਾਰ ਵਿੱਚੋਂ ਕਿਸੇ ਇਸ ਮੰਦਭਾਗੀ ਘਟਨਾ ਬਾਰੇ ਸੂਚਿਤ ਕੀਤਾ ਪਰ ਅਫਸੋਸ ਕਿ ਕੁੱਝ ਮਿੰਟਾਂ ‘ਚ ਹੀ ਪਹੁੰਚੇ ਸਾਥੀ ਜਗਜੀਤ ਤੋਂ ਪਹਿਲਾਂ ਹੀ ਭਾਣਾ ਵਾਪਰ ਚੁੱਕਾ ਸੀ। ਸਭਨਾਂ ਦਾ ਪਿਆਰਾ ਨਾਮਦੇਵ ਭੁਟਾਲ ਨਹੀਂ ਰਿਹਾ ਸੀ। ਲੋਕ ਚੇਤਨਾ ਮੰਚ ਲਹਿਰਾ ਗਾਗਾ ਦੀ ਸਾਰੀ ਟੀਮ ਬਚਾਉਣ ਲਈ ਦੌੜੀ ਪਰ ਇਹ ਭੱਜਦੌੜ ਵਿਅਰਥ ਗਈ, ਨਾਮਦੇਵ ਭੁਟਾਲ ਤਾਂ ਨਹੀਂ ਰਿਹਾ ਸੀ। ਨਾਮਦੇਵ ਭੁਟਾਲ ਨੇ ਦੋ ਦਹਾਕੇ ਤੋਂ ਵੱਧ ਦਾ ਸਮਾਂ ਹਰੀ ਸਿੰਘ ਤਰਕ ਦੀ ਵਿਰਾਸਤ ਨੂੰ ਸਾਂਭਕੇ ਰੱਖਿਆ। ਨਾਮਦੇਵ ਭੁਟਾਲ ਦਾ ਆਦਰਸ਼ ਮਹਿਜ਼ ਜਮਹੂਰੀ ਅਧਿਕਾਰ ਸਭਾ ਦੀਆਂ ਸਰਗਰਮੀਆਂ ਤੱਕ ਸੀਮਤ ਨਾਂ ਹੋਕੇ ਨਵਾਂ ਸਮਾਜ ਸਿਰਜਣ ਦਾ ਸੀ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨਰਾਇਣ ਦੱਤ ਅਤੇ ਕੰਵਲਜੀਤ ਖੰਨਾ ਨੇ ਸਾਥੀ ਨਾਮਦੇਵ ਭੁਟਾਲ ਹੁਰਾਂ ਦੇ ਬੇਵਕਤੀ ਵਿਛੋੜੇ ਸਮੇਂ ਪ੍ਰੀਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਨਾਮਦੇਵ ਭੁਟਾਲ ਵਰਗੇ ਸੂਝਵਾਨ ਆਗੂਆਂ ਦੀ ਬਹੁਤ ਜ਼ਿਆਦਾ ਲੋੜ ਸੀ। ਕਿਉਂਕਿ ਮੋਦੀ ਦੀ ਫਾਸ਼ੀ ਹਕੂਮਤ ਆਪਣੇ ਸਾਮਰਾਜੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਯੂਏਪੀਏ ਵਰਗੇ ਬਦਨਾਮ ਕਾਲੇ ਕਾਨੂੰਨਾਂ ਦੀ ਬੇਦਰੇਗ ਵਰਤੋਂ ਕਰਕੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਡੱਕੇ ਰਹੀ ਹੈ। ਸਾਥੀ ਨਾਮਦੇਵ ਭੁਟਾਲ ਦਾ ਬੇਵਕਤੀ ਕਹਿਰਵਾਨ ਵਿਛੋੜਾ ਪ੍ਰੀਵਾਰ ਸਮੇਤ ਇਨਕਲਾਬੀ ਜਮਹੂਰੀ ਲਹਿਰ ਵੀ ਵੱਡਾ ਘਾਟਾ ਹੈ। ਸਾਥੀ ਨਾਮਦੇਵ ਭੁਟਾਲ ਦਾ ਜੀਵਿਆ ਮਾਣਮੱਤਾ ਪਲ ਪਲ ਦਾ ਸਫ਼ਰ ਹੱਕ ਸੱਚ ਇਨਸਾਫ਼ ਲਈ ਜੂਝਣ ਵਾਲੇ ਸਦਾ ਰਾਹ ਲਈ ਮਾਰਗ ਦਰਸ਼ਕ ਬਣਿਆ ਰਹੇਗਾ।

LEAVE A REPLY

Please enter your comment!
Please enter your name here