ਇਮਾਰਤਾਂ ਵਿੱਚ ਊਰਜਾ ਦੀ ਬੱਚਤ ਲਈ ਪੇਡਾ ਵੱਲੋਂ ਸੂਚੀਬੱਧ ਕੀਤੇ ਜਾਣਗੇ ਈ.ਸੀ.ਬੀ.ਸੀ. ਡਿਜ਼ਾਇਨ ਪੇਸ਼ੇਵਰ

0
193

ਬਿਲਡਿੰਗ ਪਲਾਨ ਦੀ ਮਨਜ਼ੂਰੀ ਲਈ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਲਾਜ਼ਮੀ: ਅਮਨ ਅਰੋੜਾ

ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 25 ਮਈ

ਚੰਡੀਗੜ੍ਹ, 9 ਮਈ:
ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੱਸਿਆ ਕਿ ਇਮਾਰਤਾਂ ਜਾਂ ਬਿਲਡਿੰਗ ਕੰਪਲੈਕਸਾਂ ਨੂੰ ਊਰਜਾ ਕੁਸ਼ਲ ਬਣਾਉਣ ਲਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਮਾਹਿਰ/ਪੇਸ਼ੇਵਰ ਸੂਚੀਬੱਧ (ਇੰਪੈਨਲ) ਕੀਤੇ ਜਾਣਗੇ, ਜੋ ਇਮਾਰਤਾਂ ਵਿੱਚ ਊਰਜਾ ਦੀ ਵੱਧ ਤੋਂ ਵੱਧ ਬੱਚਤ ਨੂੰ ਯਕੀਨੀ ਬਣਾਉਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 100 ਕਿਲੋਵਾਟ ਜਾਂ ਇਸ ਤੋਂ ਵੱਧ ਦੇ ਕੁਨੈਕਟਿਡ ਲੋਡ ਜਾਂ 120 ਕਿਲੋਵਾਟ-ਐਂਪੀਅਰ ਜਾਂ ਇਸ ਤੋਂ ਵੱਧ ਦੀ ਕੰਟਰੈਕਟ ਡਿਮਾਂਡ ਜਾਂ 500 ਵਰਗ ਮੀਟਰ ਜਾਂ ਇਸ ਤੋਂ ਵੱਧ ਕੰਡੀਸ਼ਨਡ ਏਰੀਏ ਵਾਲੀਆਂ ਨਵੀਆਂ ਵਪਾਰਕ ਇਮਾਰਤਾਂ ਦੀ ਉਸਾਰੀ ਲਈ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਨੋਟੀਫਾਈ ਕੀਤਾ ਗਿਆ ਹੈ। ਇਹ ਕੋਡ ਸਥਾਨਕ ਸਰਕਾਰਾਂ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦੇ ਬਿਲਡਿੰਗ ਉਪ-ਨਿਯਮਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ, ਜੋ ਬਿਲਡਿੰਗ ਯੋਜਨਾਵਾਂ ਦੀ ਪ੍ਰਵਾਨਗੀ ਲਈ ਇਸਦੀ ਪਾਲਣਾ ਨੂੰ ਲਾਜ਼ਮੀ ਬਣਾਉਂਦਾ ਹੈ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੇਡਾ ਨੇ ਈ.ਸੀ.ਬੀ.ਸੀ. ਡਿਜ਼ਾਈਨ ਪੇਸ਼ੇਵਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਪੇਸ਼ੇਵਰ ਸੂਬਾ ਪੱਧਰ ‘ਤੇ ਈ.ਸੀ.ਬੀ.ਸੀ. ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਰਕੀਟੈਕਟਾਂ/ਮਾਲਕਾਂ ਦੀ ਸਹਾਇਤਾ ਕਰਨਗੇ। ਇੰਪੈਨਲਮੈਂਟ ਵਾਸਤੇ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 25 ਮਈ, 2023 ਦੁਪਹਿਰ 3 ਵਜੇ ਤੱਕ ਹੈ ਅਤੇ ਅਰਜ਼ੀ ਨਾਲ ਲੋੜੀਂਦੀ ਇੰਪੈਨਲਮੈਂਟ ਫੀਸ ਅਤੇ ਦਸਤਾਵੇਜ਼ਾਂ ਜਮ੍ਹਾਂ ਕਰਾਉਣੇ ਹੋਣਗੇ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਈ.ਸੀ.ਬੀ.ਸੀ. ਦੇ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ, ਈ.ਸੀ.ਬੀ.ਸੀ. ਡਿਜ਼ਾਈਨ ਪੇਸ਼ੇਵਰ ਇਮਾਰਤ ਦੇ ਨਿਰਮਾਣ ਸਮੇਂ ਮਾਲਕ/ਬਿਨੈਕਾਰ ਨੂੰ ਈ.ਸੀ.ਬੀ.ਸੀ. ਦੀ ਪਾਲਣਾ ਸਬੰਧੀ ਸਹੂਲਤ ਪ੍ਰਦਾਨ ਕਰਨਗੇ। ਉਹ ਵੱਖ-ਵੱਖ ਈ.ਸੀ.ਬੀ.ਸੀ ਅਨੁਕੂਲ ਵਪਾਰਕ ਇਮਾਰਤਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਨਵੀਨਤਮ ਊਰਜਾ ਸੰਭਾਲ ਬਿਲਡਿੰਗ ਕੋਡ ਅਤੇ ਪੰਜਾਬ ਸਰਕਾਰ ਦੁਆਰਾ ਸਮੇਂ-ਸਮੇਂ ‘ਤੇ ਜਾਰੀ ਈ.ਸੀ.ਬੀ.ਸੀ. ਨਿਯਮਾਂ/ਨੋਟੀਫਿਕੇਸ਼ਨਾਂ ਦੇ ਅਨੁਸਾਰ ਘੱਟੋ-ਘੱਟ ਊਰਜਾ ਕੁਸ਼ਲਤਾ ਪੱਧਰਾਂ ਦੀ ਜਾਂਚ ਕਰਨਗੇ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਈ.ਸੀ.ਬੀ.ਸੀ, ਇਮਾਰਤਾਂ/ਬਿਲਡਿੰਗ ਕੰਪਲੈਕਸਾਂ ਜਿਵੇਂ ਕਿ ਦਫਤਰ, ਹੋਟਲ, ਹਸਪਤਾਲ, ਸ਼ਾਪਿੰਗ ਕੰਪਲੈਕਸ, ਗਰੁੱਪ ਹਾਊਸਿੰਗ ਕੰਪਲੈਕਸ ਅਤੇ ਹੋਰਨਾਂ ਇਮਾਰਤਾਂ, ਜਿਨ੍ਹਾਂ ਦੀ ਵਰਤੋਂ ਮੁੱਖ ਤੌਰ ‘ਤੇ ਉਦਯੋਗਿਕ ਅਰਥਾਤ ਨਿਰਮਾਣ ਦੇ ਉਦੇਸ਼ ਲਈ ਨਹੀਂ ਕੀਤੀ ਜਾਂਦੀ, ‘ਤੇ ਲਾਗੂ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਪੇਡਾ ਦਫ਼ਤਰ ਵਿੱਚ ਬਿਲਡਿੰਗ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਦੋ ਇੰਜੀਨੀਅਰ ਅਤੇ ਇੱਕ ਆਰਕੀਟੈਕਟ ਸ਼ਾਮਲ ਹੈ। ਇਹ ਸੈੱਲ ਲੋੜੀਂਦੇ ਦਸਤਾਵੇਜ਼ ਤਿਆਰ ਕਰਨ, ਸੂਬੇ ਵਿੱਚ ਪੰਜਾਬ ਈ.ਸੀ.ਬੀ.ਸੀ. ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਾਰੇ ਹਿੱਸੇਦਾਰਾਂ ਦੀ ਮਦਦ ਕਰ ਰਿਹਾ ਹੈ। ਬਿਲਡਿੰਗ ਸੈੱਲ ਨੇ ਵਿਭਾਗਾਂ/ਸੰਸਥਾਵਾਂ ਨਾਲ ਵਿਚਾਰ-ਵਟਾਂਦਰਾ ਕਰਨ ਦੇ ਨਾਲ ਨਾਲ 650 ਤੋਂ ਵੱਧ ਆਰਕੀਟੈਕਟਾਂ ਅਤੇ ਇੰਜੀਨੀਅਰਾਂ ਨੂੰ ਸਿਖਲਾਈ ਦਿੱਤੀ ਹੈ।
ਪੰਜਾਬ ਈ.ਸੀ.ਬੀ.ਸੀ. ਸਬੰਧੀ ਹਿੱਸੇਦਾਰਾਂ ਦੇ ਸਮਰੱਥਾ ਨਿਰਮਾਣ ਲਈ ਨਗਰ ਨਿਗਮਾਂ ਅਤੇ ਹੋਰ ਯੂ.ਐਲ.ਬੀਜ਼ ਵਿਖੇ 85 ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ, ਜਿਸ ਵਿੱਚ 8800 ਤੋਂ ਵੱਧ ਪੇਸ਼ੇਵਰਾਂ ਨੂੰ ਸਿਖਲਾਈ ਦਿੱਤੀ ਗਈ ਹੈ।

LEAVE A REPLY

Please enter your comment!
Please enter your name here