ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੋਇਆ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਲੋਅਰ ਨਾਂ * ਮਾਸਟਰ ਸੰਜੀਵ ਧਰਮਾਣੀ ਦੀ ਮਿਹਨਤ ਲਿਆਈ ਰੰਗ * ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਵਿਸ਼ੇਸ਼ ਤੌਰ ‘ਤੇ ਸੰਜੀਵ ਧਰਮਾਣੀ ਨੂੰ ਸਨਮਾਨਿਤ
ਸ੍ਰੀ ਅਨੰਦਪੁਰ ਸਾਹਿਬ , 16 ਫਰਵਰੀ 2025
ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ ਹੋ ਗਿਆ ਹੈ। ਇਸ ਦੇ ਪਿੱਛੇ ਸਟੇਟ ਐਵਾਰਡੀ , ਪ੍ਰਸਿੱਧ ਲੇਖਕ , ਸਮਾਜ ਸੇਵੀ ਕਰਮਯੋਗੀ ਮਿਹਨਤੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਦੀ ਮਿਹਨਤ ਤੇ ਸਕੂਲ ਅਤੇ ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦੇ ਸਮਰਪਣ ਦਾ ਹੀ ਨਤੀਜਾ ਹੈ। ਇਹ ਐਵਾਰਡ ਉਹਨਾਂ ਨੂੰ ” ਇੰਡੀਆ ਬੁੱਕ ਆਫ ਰਿਕਾਰਡਜ਼ ” ਦੇ ਦਫਤਰ ਦਿੱਲੀ ਤੋਂ ਪ੍ਰਾਪਤ ਹੋਇਆ ਅਤੇ ਅੱਜ ਇਹ ਅਵਾਰਡ ਉਹਨਾਂ ਨੂੰ ਆਪਣੇ ਹੱਥੀਂ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦਿੱਤਾ ਅਤੇ ਵਿਸ਼ੇਸ਼ ਤੌਰ ‘ਤੇ ਮਾਸਟਰ ਸੰਜੀਵ ਧਰਮਾਣੀ ਨੂੰ ਸ਼ਾਬਾਸ਼ ਤੇ ਵਧਾਈ ਦਿੱਤੀ। ਇਸ ਮੌਕੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਕਿਹਾ ਕਿ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦਾ ਨਾਂ ਮੇਰੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸਾਹਿਤ ਵਿੱਚ ਕੀਤੇ ਗਏ ਵਿਸ਼ੇਸ਼ ਕਾਰਜ ਦੇ ਲਈ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋਇਆ ਹੈ। ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਸ ਪ੍ਰੋਜੈਕਟ ‘ਤੇ ਨਿਸ਼ਕਾਮ ਭਾਵਨਾ ਨਾਲ਼ ਲਗਭਗ ਇੱਕ ਸਾਲ ਸਿਰ ਤੋੜ ਮਿਹਨਤ ਕੀਤੀ ਹੈ। ਸੰਜੀਵ ਧਰਮਾਣੀ ਨੇ ਕਿਹਾ ਕਿ ਸ਼ਾਇਦ ਇਹ ਭਾਰਤ ਦਾ ਪਹਿਲਾ ਅਜਿਹਾ ਸਰਕਾਰੀ ਸਕੂਲ ਹੈ ਜਿਸਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋਇਆ ਹੈ। ਇਸ ਮੌਕੇ ਉਹਨਾਂ ਨੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਤੇ ਪਰਮਾਤਮਾ ਦਾ ਵੀ ਧੰਨਵਾਦ ਕੀਤਾ। ਇਹ ਵਿਸ਼ੇਸ਼ ਤੌਰ ‘ਤੇ ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਖੁਦ ਵੀ ਆਪਣੀ ਮਿਹਨਤ ਕਰਕੇ ਸਾਹਿਤ ਦੇ ਖੇਤਰ ਵਿੱਚ ਆਪਣਾ ਨਾਮ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਕਰਵਾ ਚੁੱਕੇ ਹਨ , ਉਹ ਕਈ ਸਮਾਜ – ਸੇਵੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ ਤੇ ਆਸਰਾ ਫਾਊਂਡੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਵੀ ਹਨ। ਇਸ ਤੋਂ ਇਲਾਵਾ ਉਹ ਕੁਰੱਪਸ਼ਨ ਐਂਡ ਕ੍ਰਾਈਮ ਕੰਟਰੋਲ ਟਰੱਸਟ ਇੰਡੀਆ ਦੇ ਪੰਜਾਬ ਇਕਾਈ ਦੇ ਸੈਕਟਰੀ ਵੀ ਹਨ। ਉਨ੍ਹਾਂ ਨੇ ਆਪਣਾ ਤਨ ਮਨ ਧਨ ਸਮਾਜ , ਸਿੱਖਿਆ , ਸਾਹਿਤ ਤੇ ਵਾਤਾਵਰਨ ਦੀ ਸੇਵਾ ਲਈ ਸਮਰਪਿਤ ਕੀਤਾ ਹੋਇਆ ਹੈ। ਇਸ ਮੌਕੇ ਸਰਪੰਚ ਲੱਕੀ ਕਪਿਲਾ , ਨਿਤਿਨ ਸ਼ਰਮਾ , ਅਜੇ ਕੁਮਾਰ , ਸੁਦਾਮਾ ਰਾਮ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।