ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਨਿਕਲੀਆਂ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਹੁਣ ਅਦਾਲਤੀ ਘੁੰਮਣਘੇਰੀ ਵਿੱਚ ਫਸੀਆਂ

0
251

ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ) -ਜਦੋਂ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਨੂੰ ਲੈ ਕੇ ਸੱਤਾ ਦੇ ਵਿੱਚ ਆਈ, ਉਸ ਸਮੇਂ ਤੋਂ ਹੀ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਨ ’ਤੇ ਲੱਗੇ ਹੋਏ ਹਨ। ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਜਦੋਂ ਵੀ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦਾ ਘਿਰਾਓ ਕੀਤਾ, ਉਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ’ਤੇ ਡਾਂਗਾਂ ਵਰ੍ਹਾਈਆਂ ਗਈਆਂ, ਝੂਠੇ ਪਰਚੇ ਦਰਜ਼ ਕੀਤੇ ਗਏ, ਬੇਰੁਜ਼ਗਾਰ ਅਧਿਆਪਕਾਂ ਨੂੰ ਟੈਂਕੀਆਂ ਟਾਵਰਾਂ ’ਤੇ ਚੜ੍ਹਨ ਲਈ ਮਜਬੂਰ ਕੀਤਾ ਗਿਆ, ਮਰਨ ਵਰਤ ਰੱਖਣ ਤੱਕ ਦੀ ਨੌਬਤ ਆਈ ਅਤੇ ਨਹਿਰਾਂ ਵਿੱਚ ਛਾਲਾਂ ਮਾਰਨ ਲਈ ਵੀ ਬੇਰੁਜ਼ਗਾਰ ਅਧਿਆਪਕ ਮਜਬੂਰ ਹੋਣਾ ਪਿਆ ਹੈ। ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕਾਂ ਦਾ ਹੁਣ ਤੱਕ ਦਾ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਰਿਹਾ ਹੈ। ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਕਰਨ ਤੋਂ ਬਾਅਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਪ੍ਰਾਇਮਰੀ ਅਧਿਆਪਕਾਂ ਦੀਆਂ 2364, 6635 ਤੇ 22 ਈ ਟੀ ਟੀ ਕਾਡਰ ਦੀਆਂ ਅਸਾਮੀਆਂ ਪ੍ਰਾਪਤ ਹੋਈਆਂ। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਸੰਘਰਸ਼ ਕਰਕੇ ਇਕ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ। ਅੱਜ ਜਦੋਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਅਸਾਮੀਆਂ ਸਰਕਾਰ ਨੇ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਸਨ ਪਰ ਅੱਜ ਦੋਵੇਂ ਭਰਤੀਆਂ ਸਰਕਾਰ ਦੀਆਂ ਨਲਾਇਕੀਆਂ ਕਾਰਨ ਕੋਰਟ ਕੇਸ ਵਿੱਚ ਸਟੇਅ ਕਰਕੇ ਰੁਕੀਆਂ ਹੋਈਆਂ ਹਨ ਤੇ ਦੂਜੇ ਪਾਸੇ ਚੋਣ ਜ਼ਾਬਤਾ ਵੀ ਲੱਗਣ ਵਾਲਾ ਹੈ, ਜਿਸ ਕਰਕੇ ਦੋਵੇਂ ਭਰਤੀਆਂ ਰੁਲਣ ਦੇ ਕਿਨਾਰੇ ਹੋਈਆਂ ਪਈਆਂ ਹਨ। ਜਿਸ ਕਾਰਨ ਹਜ਼ਾਰਾਂ ਬੇਰੁਜ਼ਗਾਰ ਅਧਿਆਪਕਾਂ ਦਾ ਭਵਿੱਖ ਰੁਲਣ ਦੇ ਕਿਨਾਰੇ ਹੋਇਆ ਪਿਆ ਹੈ। ਇਸ ਮੌਕੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਭਾਵੇਂ ਅੱਜ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਚਿਹਰੇ ਬਦਲ ਚੁੱਕੇ ਹਨ ਪਰ ਹਾਲਾਤ ਨਹੀਂ ਬਦਲੇ ਹਨ। ਬੇਰੁਜ਼ਗਾਰ ਨੌਜਵਾਨਾਂ ਨੂੰ ਉਮੀਦਾਂ ਸਨ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਰਵੱਈਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗਾ ਨਹੀਂ ਹੋਵੇਗਾ ਸਗੋਂ ਉਹ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ ਪਰ ਉਨ੍ਹਾਂ ਵੱਲੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਤਾਂ ਕੀ ਕਰਨੀਆਂ ਸੁਣਨ ਤੱਕ ਦਾ ਵੀ ਸਮਾਂ ਉਨ੍ਹਾਂ ਵੱਲੋਂ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ 2364 ਈਟੀਟੀ ਅਧਿਆਪਕਾਂ ਦੀ ਭਰਤੀ ਜਿਹੜੀ ਕਿ ਏ.ਜੀ. ਪੰਜਾਬ ਦੇ ਵੱਲੋਂ ਇੱਕ ਫਾਈਲ ਦੇ ਰਾਹੀਂ ਲਗਾ ਕੇ ਹੱਲ ਕੀਤੀ ਜਾ ਸਕਦੀ ਹੈ, ਪਰ ਏ.ਜੀ. ਪੰਜਾਬ ਵੱਲੋਂ ਕੋਈ ਵੀ ਪਹਿਲਕਦਮੀ ਨਹੀਂ ਕੀਤੀ ਜਾ ਰਹੀ। ਪ੍ਰਾਇਮਰੀ ਅਧਿਆਪਕਾਂ ਦੀਆਂ 6635 ਤੇ 22 ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਸਰਕਾਰ ਦੇ ਵੱਲੋਂ ਪੂਰੀ ਕਰਨ ਵਿੱਚ ਕੋਈ ਵੀ ਰੁਚੀ ਨਹੀਂ ਵਿਖਾਈ ਦੇ ਰਹੀ।

LEAVE A REPLY

Please enter your comment!
Please enter your name here