ਚੰਡੀਗੜ੍ਹ (ਸਾਂਝੀ ਸੋਚ ਬਿਊਰੋ) -ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ, ਕੌਮੀ ਬੁਲਾਰੇ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਾਂਗਰਸ ਸਰਕਾਰ ’ਤੇ ਪੰਜਾਬ ਨਾਲ ਧੋਖ਼ਾਧੜੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਘਰ- ਘਰ ਰੋਜ਼ਗਾਰ ਮੁਹਿੰਮ ਭਾਵੇਂ ਹੀ ਪੰਜਾਬ ਦੇ ਤਿੰਨ ਕਰੋੜ ਲੋਕਾਂ ਲਈ ਝੂਠੀ ਹੀ ਸਿੱਧ ਹੋਈ ਹੈ, ਪਰ ਸੱਤਾਧਾਰੀ ਕਾਂਗਰਸ ਦੇ ਆਗੂਆਂ ਲਈ ਇਹ ਵਰਦਾਨ ਸਿੱਧ ਹੋਈ ਹੈ, ਕਿਉਂਕਿ ਕਾਂਗਰਸ ਦੀ ਕੈਪਟਨ ਸਰਕਾਰ ਦੀ ਤਰ੍ਹਾਂ ਹੁਣ ਚੰਨੀ ਸਰਕਾਰ ਨੇ ਵੀ ਆਪਣੇ ਆਗੂਆਂ ਦੇ ਜਵਾਈਆਂ, ਬੇਟੇ ਤੇ ਬੇਟੀਆਂ ਨੂੰ ਸਰਕਾਰੀ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਰਾਘਵ ਚੱਢਾ ਨੇ ਕਿਹਾ ਕਿ ਤਾਜ਼ਾ ਮਾਮਲਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਬੀਰ ਸਿੰਘ ਲਹਿਲ ਨੂੰ ਪੰਜਾਬ ਗ੍ਰਹਿ ਵਿਭਾਗ ਵਿੱਚ ਨਿਯੁਕਤੀ ਦੇਣ ਦਾ ਹੈ। ਕਾਂਗਰਸ ਸਰਕਾਰ ਨੇ ਸੋਮਵਾਰ ਨੂੰ ਤਰੁਣਬੀਰ ਸਿੰਘ ਲਹਿਲ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ’ਤੇ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਸੋਚਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਆਪਣੇ ਜਵਾਈ ਨੂੰ ਇਹ ਨੌਕਰੀ ਦੇਣ ਤੋਂ ਪਹਿਲਾਂ ਪੰਜਾਬ ਦੇ ਲੱਖਾਂ ਬੇਰੁਜ਼ਗਾਰਾਂ ਦੀ ਯਾਦ ਕਿਉਂ ਨਹੀਂ ਆਈ? ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਆਪਣੇ ਇਸ ਕਾਰਨਾਮੇ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਹ ’ਤੇ ਚੱਲ ਰਹੇ ਹਨ। ਸਪੱਸ਼ਟ ਹੈ ਕਿ ਕੈਪਟਨ ਅਤੇ ਚੰਨੀ ਇੱਕੋ ਜਿਹੇ ਹਨ, ਅੰਤਰ ਹੈ ਤਾਂ ਕੇਵਲ ਇਹ ਕਿ ਚੰਨੀ ਡਰਾਮੇਬਾਜੀ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਇੱਕ ਕਦਮ ਅੱਗੇ ਨਿਕਲ ਗਏ ਹਨ। ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ- ਘਰ ਨੌਕਰੀ ਦਾ ਵਾਅਦਾ ਤਾਂ ਪੂਰਾ ਕਰ ਰਹੀ ਹੈ, ਪਰ ਇਸ ਨੂੰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਲਈ ਥੋੜਾ ਤਬਦੀਲ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਪੰਜਾਬ ਨਾਲ ਕੀਤੀ ਜਾ ਰਹੀ ਧੋਖ਼ਾਧੜੀ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ਪੰਜਾਬ ਦੇ ਲੱਖਾਂ ਬੇਰੋਜ਼ਗਾਰ ਕਾਂਗਰਸ ਸਰਕਾਰ ਤੋਂ ਸਵਾਲ ਕਰ ਰਹੇ ਹਨ ਕਿ ਜਿਹੜੀਆਂ ਡਿਗਰੀਆਂ ਅਤੇ ਤਜ਼ਰਬੇ ਉਨ੍ਹਾਂ ਕੋਲ ਹੈ, ਉਹ ਵੀ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਹਾਸਲ ਕੀਤੇ ਗਏ ਹਨ। ਪਰ ਇਹ ਤਾਂ ਦੱਸਿਆ ਕਿ ਜਾਵੇ ਕਿ ਤਰੁਣਬੀਰ ਸਿੰਘ ਲਹਿਲ ਨੇ ਕਿਹੜੀ ਮੈਰਿਟ ਸੂਚੀ ਵਿੱਚ ਟਾਪ ਕੀਤਾ ਹੈ?
Boota Singh Basi
President & Chief Editor