ਉੱਘੇ ਪੱਤਰਕਾਰ ਵਿਨੋਦ ਦੂਆ ਦਾ ਦੇਹਾਂਤ

0
299
**EDS: TWITTER IMAGE FROM @VinodDua7** New Delhi: Undated image of veteran journalist Vinod Dua. Dua passes away due to a prolonged illness on Saturday, Dec. 4, 2021. (PTI Photo)(PTI12_04_2021_000349B)

* ਕੁਝ ਦਿਨਾਂ ਤੋਂ ਅਪੋਲੋ ਹਸਪਤਾਲ ‘ਚ ਸਨ ਦਾਖ਼ਲ
ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) -ਬਲੈਕ ਐਂਡ ਵ੍ਹਾਈਟ ਦੇ ਯੁੱਗ ਵਿਚ ਦੂਰਦਰਸ਼ਨ ਤੋਂ ਆਪਣਾ ਕਰੀਅਰ ਸ਼ੁਰੂ ਕਰਨ ਅਤੇ ਬਾਅਦ ਦੇ ਦਹਾਕਿਆਂ ਵਿਚ ਡਿਜੀਟਲ ਦੁਨੀਆ ਵਿਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਮਸ਼ਹੂਰ ਪੱਤਰਕਾਰ ਵਿਨੋਦ ਦੂਆ ਦਾ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਵਿਨੋਦ ਦੂਆ ਨੇ ਕਈ ਪੁਰਸਕਾਰ ਜਿੱਤੇ। ਸਾਲ 2008 ਵਿਚ ਵਿਨੋਦ ਦੂਆ ਨੂੰ ਪੱਤਰਕਾਰੀ ਲਈ ਪਦਮਸ੍ਰੀ ਨਾਲ ਸਨਮਾਨਿਆ ਗਿਆ ਸੀ। ਇਸ ਤੋਂ ਇਲਾਵਾ ਉਹ ਪੱਤਰਕਾਰੀ ਵਿਚ ਰਾਮਨਾਥ ਗੋਇਨਕਾ ਐਕਸੀਲੈਂਸ ਪੁਰਸਕਾਰ ਹਾਸਲ ਕਰਨ ਵਾਲੇ ਇਲੈਕਟ੍ਰੌਨਿਕ ਮੀਡੀਆ ਦੇ ਪਹਿਲੇ ਪੱਤਰਕਾਰ ਸਨ। ਉਨ੍ਹਾਂ ਦੀ ਧੀ ਅਤੇ ਅਦਾਕਾਰਾ-ਹਾਸ ਕਲਾਕਾਰ ਮਲਿਕਾ ਦੂਆ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਇੱਥੇ ਲੋਧੀ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਇਸ ਸਾਲ ਦੀ ਸ਼ੁਰੂਆਤ ਵਿਚ ਕੋਵਿਡ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਕਰੋਨਾਵਾਇਰਸ ਕਾਰਨ ਇਸੇ ਸਾਲ ਜੂਨ ਮਹੀਨੇ ਵਿਚ ਉਨ੍ਹਾਂ ਨੇ ਆਪਣੀ ਪਤਨੀ, ਰੇਡੀਓਲੌਜਿਸਟ ਪਦਮਾਵਤੀ ‘ਚਿੰਨਾ’ ਦੂਆ ਨੂੰ ਗੁਆ ਦਿੱਤਾ ਸੀ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਅਪੋਲੋ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਵਿਨੋਦ ਦੂਆ ਲਿਵਰ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਸਨ। ਮਲਿਕਾ ਦੂਆ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਸਾਡੇ ਨਿਡਰ ਅਤੇ ਅਸਾਧਾਰਨ ਪਿਤਾ ਵਿਨੋਦ ਦੂਆ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਲਿਖਿਆ, ‘‘ਉਹ ਹੁਣ ਸਾਡੀ ਮਾਂ, ਉਨ੍ਹਾਂ ਦੀ ਪਿਆਰੀ ਪਤਨੀ ਚਿੰਨਾ ਦੇ ਨਾਲ ਸਵਰਗ ਵਿਚ ਹਨ, ਜਿੱਥੇ ਉਹ ਗੀਤ ਗਾਉਣਾ, ਖਾਣਾ ਬਣਾਉਣਾ, ਯਾਤਰਾ ਕਰਨਾ ਅਤੇ ਇਕ-ਦੂਜੇ ਨਾਲ ਲੜਨਾ ਜਾਰੀ ਰੱਖਣਗੇ।’’

LEAVE A REPLY

Please enter your comment!
Please enter your name here