ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ 849 ਪੀ.ਟੀ.ਆਈ. ਅਧਿਆਪਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਸਮਰਥਨ ਦਾ ਐਲਾਨ

0
334

* ਉੱਚ ਯੋਗਤਾ ਹੋਣ ਦੇ ਬਾਵਜੂਦ ਵੀ ਪਿਛਲੇ 15 ਸਾਲ ਤੋਂ ਸੜਕਾਂ ’ਤੇ ਰੁਲਣ ਲਈ ਹਨ ਮਜ਼ਬੂਰ
ਮਾਨਸਾ (ਸਾਂਝੀ ਸੋਚ ਬਿਊਰੋ) -ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ (ਉੱਚ ਯੋਗਤਾ ਪ੍ਰਾਪਤ ਪੀ.ਟੀ.ਆਈ. 849) ਨੇ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਚਾਉਕੇ ਨੇ ਦੱਸਿਆ ਕਿ ਯੂਨੀਅਨ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੁੱਖ ਮੰਤਰੀ ਪੰਜਾਬ ਦੇ ਅਹੁੱਦੇ ਦੇ ਉਮੀਦਵਾਰ ਭਗਵੰਤ ਮਾਨ ਨੂੰ ਮਿਲ ਕੇ ਸਾਰੇ ਕੇਸ ਦੀ ਫਾਈਲ ਉਨ੍ਹਾਂ ਨੂੰ ਦਿੱਤੀ ਹੈ ਅਤੇ ਭਗਵੰਤ ਮਾਨ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਪੀ.ਟੀ.ਆਈ. 849 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਵਿਸ਼ਵਾਸ਼ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਚਾਉਕੇ ਦੱਸਿਆ ਕਿ ਉਹਨਾਂ ਲਈ ਉੱਚ ਯੋਗਤਾ ਹੀ ਗਲੇ ਦੀ ਹੱਡੀ ਬਣ ਗਈ ਹੈ ਜਿਸ ਦੇ ਚਲਦਿਆਂ ਇਹ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਪਿਛਲੇ 15 ਸਾਲ ਤੋਂ ਵੀ ਜਿਆਦਾ ਸਮੇਂ ਤੋਂ ਬੇਰੁਜ਼ਗਾਰੀ ਦੀ ਮਾਰ ਝੱਲਦੇ ਹੋਏ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਅਜੇ ਤੱਕ ਉਹਨਾਂ ਦੀ ਬਾਂਹ ਨਹੀਂ ਫੜੀ, ਸਿਰਫ ਝੂਠੇ ਲਾਰੇ ਲਾ ਕੇ ਹੀ ਡੰਗ ਸਾਰਿਆ ਹੈ। ਸ੍ਰੀ ਚਾਉਕੇ ਨੇ ਕਿਹਾ ਕਿ ਸਾਲ 2006 ਵਿੱਚ 849 ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਸਮੇਂ ਇਸ਼ਤਿਹਾਰ ਵਿੱਚ ਦਰਜ ਨਿਯਮਾਂ ਮੁਤਾਬਿਕ ਜਰੂਰੀ ਯੋਗਤਾਵਾਂ ਵੀ ਪੂਰੀਆਂ ਨਾ ਕਰਨ ਵਾਲੇ ਘੱਟ ਯੋਗਤਾ ਅਤੇ ਘੱਟ ਮੈਰਿਟ ਵਾਲੇ ਉਮੀਦਵਾਰਾਂ ਨੂੰ ਭ੍ਰਿਸ਼ਟ ਤਰੀਕੇ ਨਾਲ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। ਉਹਨਾਂ ਨੇ ਕਿਹਾ ਕਿ ਇਸ ਭਰਤੀ ਸਮੇਂ ਹੋਈਆਂ ਧਾਂਦਲੀਆਂ ਦੇ ਸਬੂਤ ਯੂਨੀਅਨ ਕੋਲ ਪੂਰੇ ਤੱਥਾਂ ਸਮੇਤ ਮੌਜੂਦ ਹਨ ਅਤੇ ਇਸ ਦੀ ਇੱਕ ਫਾਈਲ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਭਗਵੰਤ ਮਾਨ ਨੂੰ ਸੌਂਪੀ ਗਈ ਹੈ ਅਤੇ ਭਗਵੰਤ ਮਾਨ ਨੇ ਉਹਨਾਂ ਨੂੰ ਬਣਦਾ ਹੱਕ ਦੇਣ ਲਈ ਹਾਮੀ ਭਰੀ ਹੈ। ਜਿਕਰਯੋਗ ਹੈ ਕਿ ਸਰਕਾਰ ਵੱਲੋਂ 2006 ਵਿੱਚ ਪੀ.ਟੀ.ਆਈ. ਅਧਿਆਪਕਾਂ ਦੀਆਂ 849 ਅਸਾਮੀਆਂ ਕੱਢੀਆਂ ਗਈਆਂ ਸਨ ਅਤੇ ਉਸ ਸਮੇਂ ਡੀ.ਪੀ.ਐਡ. ਅਤੇ ਐਮ.ਪੀ. ਐਡ ਉੱਚ ਯੋਗਤਾ ਵਾਲੇ ਉਮੀਦਵਾਰਾਂ ਨੂੰ ਇਹਨਾਂ ਅਸਾਮੀਆਂ ਲਈ ਨਾ ਵਿਚਾਰ ਕੇ ਸਿਰਫ ਸੀ.ਪੀ.ਐਡ. ਉਮੀਦਵਾਰਾਂ ਦੀ ਹੀ ਭਰਤੀ ਕੀਤੀ ਗਈ ਸੀ ਅਤੇ ਉੱਚ ਯੋਗਤਾ ਵਾਲੇ ਹਾਈ ਕੋਰਟ ਵਿੱਚ ਚਲੇ ਗਏ ਸਨ। ਹਾਈ ਕੋਰਟ ਵੱਲੋਂ ਉੁੱਚ ਯੋਗਤਾ ਵਾਲੇ ਉਮੀਦਵਾਰਾਂ ਦੇ ਹੱਕ ਵਿੱਚ ਫੈਸਲਾ ਦਿੱਤੇ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਸ ਭਰਤੀ ਨੂੰ ਅਜੇ ਤੱਕ ਨੇਪਰੇ ਨਹੀਂ ਚਾੜ੍ਹਿਆ ਗਿਆ। 2006 ਵਿੱਚ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਬਹੁਤੇ ਉਮੀਦਵਾਰ (45 ਤੋਂ 50 ਸਾਲ ਉਮਰ ਵਾਲੇ) ਹੁਣ ਸਰਕਾਰੀ ਨੌਕਰੀਆਂ ਲਈ ਨਿਰਧਾਰਿਤ ਉਮਰ ਸੀਮਾ ਲੰਘਾ ਚੁੱਕੇ ਹਨ ਅਤੇ ਐਮ.ਪੀ.ਐਡ., ਐਮ.ਫਿਲ ਅਤੇ ਪੀ.ਐਚ.ਡੀ. ਦੀਆਂ ਡਿਗਰੀਆਂ ਕਰਨ ਦੇ ਬਾਵਜੂਦ ਵੀ ਸੜਕਾਂ ’ਤੇ ਰੁਲਣ ਲਈ ਮਜ਼ਬੂਰ ਹਨ। ਇਸ ਮੌਕੇ ਉੱਚ ਯੋਗਤਾ ਪ੍ਰਾਪਤ 849 ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਯੂਨੀਅਨ ਦੇ ਆਗੂ ਸਤੀਸ਼ ਕੁਮਾਰ ਸੰਗਰੂਰ, ਸੰਜੀਵ ਕੁਮਾਰ ਲੌਂਗੋਵਾਲ, ਸਰਬਦਿਆਲ ਸਿੰਘ, ਗੁਰਦੀਪ ਸਿੰਘ ਮੋਗਾ, ਸਿਕੰਦਰਪਾਲ ਸਿੰਘ ਜਲਾਲ, ਸੁਖਪਾਲ ਸਿੰਘ, ਗੁਰਮੀਤ ਕੌਰ ਅਬੋਹਰ, ਸੁਖਪਾਲ ਸਿੰਘ ਅੰਮ੍ਰਿਤਸਰ, ਜਗਦੀਪ ਸਿੰਘ ਮਾਨਸਾ, ਰਮੇਸ਼ ਕੁਮਾਰ ਫਾਜਿਲਕਾ, ਤੇਜਿੰਦਰਪਾਲ ਅੰਮ੍ਰਿਤਸਰ, ਬਲਵਿੰਦਰ ਸਿੰਘ ਲੌਂਗੋਵਾਲ, ਹਰਵਿੰਦਰ ਸਿੰਘ ਸ਼ਾਹੀ, ਬਲਿੰਦਰ ਸਿੰਘ ਰੋਪੜ, ਅਨਿਲ ਸ਼ਰਮਾ ਬਰਨਾਲਾ, ਸੁਖਵਿੰਦਰ ਸਿੰਘ ਸੰਗਰੂਰ, ਬਲਜਿੰਦਰ ਸਿੰਘ, ਬਲਤੇਜ ਸਿੰਘ ਮੁਕਤਸਰ, ਚੈਂਚਲ ਸਿੰਘ ਹੁਸ਼ਿਆਰਪੁਰ ਸਮੇਤ ਹੋਰ ਆਗੂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here