ਏ.ਡੀ.ਜੀ.ਪੀ ਗੁਰਿੰਦਰ ਸਿੰਘ ਢਿੱਲੋਂ ਨੇ ਡੀ.ਸੀ ਜਤਿੰਦਰ ਜੋਰਵਾਲ ਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਸਮੇਤ ਪ੍ਰਭਾਵਿਤ ਪਿੰਡਾਂ ’ਚ ਜਾ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ

0
82
ਏ.ਡੀ.ਜੀ.ਪੀ ਗੁਰਿੰਦਰ ਸਿੰਘ ਢਿੱਲੋਂ ਨੇ ਡੀ.ਸੀ ਜਤਿੰਦਰ ਜੋਰਵਾਲ ਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਸਮੇਤ ਪ੍ਰਭਾਵਿਤ ਪਿੰਡਾਂ ’ਚ ਜਾ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ
ਇਸ ਮਾਮਲੇ ਵਿੱਚ ਹੁਣ ਤੱਕ 3 ਪੁਲਿਸ ਕੇਸ ਦਰਜ, 8 ਵਿਅਕਤੀ ਗ੍ਰਿਫਤਾਰ: ਏ.ਡੀ.ਜੀ.ਪੀ
ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਿੱਚ ਏ.ਡੀ.ਜੀ.ਪੀ, ਡੀ.ਆਈ.ਜੀ ਪਟਿਆਲਾ ਰੇਂਜ ਤੇ ਐਸ.ਐਸ.ਪੀ ਸ਼ਾਮਲ
ਉਚ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਣ-ਅਧਿਕਾਰਤ ਤੌਰ ’ਤੇ ਖਰੀਦੀ ਸ਼ਰਾਬ ਦਾ ਸੇਵਨ ਬਿਲਕੁਲ ਨਾ ਕਰਨ ਦੀ ਅਪੀਲ
ਘਰ ਘਰ ਸਰਵੇਖਣ ਦਾ ਪਹਿਲਾ ਰਾਊਂਡ ਮੁਕੰਮਲ, ਦੂਜਾ ਸ਼ੁਰੂ
ਆਸ਼ਾ ਤੇ ਆਂਗਣਵਾੜੀ ਵਰਕਰ, ਪੰਚਾਇਤ ਸਕੱਤਰ, ਏ.ਐਨ.ਐਮਜ਼, ਪਟਵਾਰੀ, ਪੁਲਿਸ ਦੇ ਨੁਮਾਇੰਦੇ, ਡਾਕਟਰੀ ਸਟਾਫ਼ ਜਾਗਰੂਕਤਾ ਪੈਦਾ ਕਰਨ ਵਿੱਚ ਹੋਇਆ ਸਰਗਰਮ
ਦਲਜੀਤ ਕੌਰ
ਗੁੱਜਰਾਂ/ਦਿੜ੍ਹਬਾ, 23 ਮਾਰਚ, 2024: ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਅੱਜ ਪਿੰਡ ਗੁੱਜਰਾਂ ਵਿਖੇ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ। ਇਸ ਮੌਕੇ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਇਸ ਦੁਖਾਂਤਕ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ਼ ਪੁਲਿਸ ਵੱਲੋਂ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ’ਤੇ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਉਹ ਖੁਦ ਕਰ ਰਹੇ ਹਨ ਜਦਕਿ ਇਸ ਵਿੱਚ ਡੀ.ਆਈ.ਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਮਾਮਲੇ ਦੀ ਤਹਿ ਤੱਕ ਜਾਂਚ ਕਰਦੇ ਹੋਏ ਸਾਰੇ ਤੱਥ ਸਾਹਮਣੇ ਲਿਆਂਦੇ ਜਾ ਸਕਣ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 3 ਵੱਖ-ਵੱਖ ਐਫ.ਆਈ.ਆਰ ਦਰਜ ਕਰਕੇ ਹੁਣ ਤੱਕ ਦੋ ਮੁੱਖ ਦੋਸ਼ੀਆਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਏ.ਡੀ.ਜੀ.ਪੀ ਢਿੱਲੋਂ ਨੇ ਅਪੀਲ ਕਰਦਿਆਂ ਕਿਹਾ ਜੇਕਰ ਕਿਸੇ ਵੀ ਵਿਅਕਤੀ ਕੋਲ ਕਿਸੇ ਵੀ ਮਾਤਰਾ ਵਿੱਚ ਇਹੋ ਜਿਹੀ ਜਾਂ ਇਸ ਦੇ ਨਾਲ ਮਿਲਦੀ ਜੁਲਦੀ ਅਣਅਧਿਕਾਰਤ ਸ਼ਰਾਬ ਪਈ ਹੈ ਤਾਂ ਉਹ ਇਸ ਦਾ ਸੇਵਨ ਬਿਲਕੁਲ ਨਾ ਕਰਨ ਅਤੇ ਉਹ ਪੁਲਿਸ ਜਾਂ ਘਰ ਘਰ ਵਿੱਚ ਸਰਵੇਖਣ ਕਰ ਰਹੀਆਂ ਟੀਮਾਂ ਨੂੰ ਜਮ੍ਹਾ ਕਰਵਾ ਦੇਣ। ਉਨ੍ਹਾਂ ਲੋਕ ਹਿੱਤ ਵਿੱਚ ਅਪੀਲ ਕਰਦਿਆਂ ਕਿਹਾ ਕਿ ਸਸਤੀ ਤੇ ਗੈਰ ਕਾਨੂੰਨੀ ਢੰਗ ਨਾਲ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਤੋਂ ਸ਼ਰਾਬ ਦੀ ਖਰੀਦ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਾਹਮਣੇ ਆਉਂਦੇ ਸਾਰ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਦੀ ਨਿਗਰਾਨੀ ਹੇਠ ਪੂਰਾ ਪ੍ਰਸ਼ਾਸਨ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਨ੍ਹਾਂ ਪਿੰਡਾਂ ਵਿੱਚ ਚੌਕਸੀ ਤੇ ਜਾਗਰੂਕਤਾ ਅਭਿਆਨ ਚਲਾ ਰਹੀਆਂ ਹਨ ਅਤੇ ਲੋਕ ਹਿੱਤ ਵਿੱਚ ਅਨਾਊਂਸਮੈਂਟ, ਆਸ਼ਾ ਤੇ ਆਂਗਣਵਾੜੀ ਵਰਕਰਾਂ, ਪੰਚਾਇਤ ਸਕੱਤਰਾਂ, ਏ.ਐਨ.ਐਮਜ਼, ਪਟਵਾਰੀ, ਪੁਲਿਸ ਦੇ ਨੁਮਾਇੰਦੇ, ਡਾਕਟਰੀ ਸਟਾਫ਼, ਪਿੰਡਾਂ ਤੇ ਸ਼ਹਿਰੀ ਵਾਰਡਾਂ ਦੇ ਨੁਮਾਇੰਦੇ ਲਗਾਤਾਰ ਘਰ ਘਰ ਜਾ ਕੇ ਜਾਗਰੂਕਤਾ ਫੈਲਾਅ ਰਹੇ ਹਨ ਅਤੇ ਜੇਕਰ ਇਸ ਦੌਰਾਨ ਕਿਸੇ ਵਿਅਕਤੀ ਦੀ ਸਿਹਤ ਵਿੱਚ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਫੌਰੀ ਮੈਡੀਕਲ ਸੁਵਿਧਾ ਦਿੱਤੀ ਜਾ ਰਹੀ ਹੈ ਤਾਂ ਜੋ ਕੀਮਤੀ ਜਾਨਾਂ ਬਚ ਸਕਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਪੁਲਿਸ ਦੇ ਪੱਧਰ ’ਤੇ ਢੁਕਵੇਂ ਕਦਮ ਪੁੱਟਣ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਗ੍ਰਿਫਤਾਰ ਕੀਤੇ ਗਏ ਹਰ ਵਿਅਕਤੀ ਦੀ ਇਸ ਵਿੱਚ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਵੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਾਰਜਸ਼ੀਲ ਹੈ ਤੇ ਹਰ ਪੱਖ ਦੀ ਵਿਭਿੰਨ ਪਹਿਲੂਆਂ ਅਨੁਸਾਰ ਵਿਗਿਆਨ ਅਧਾਰਿਤ ਜਾਂਚ ਚੱਲ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਅਣਸੁਖਾਵੀਂ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਦੁਖਾਂਤਕ ਘਟਨਾ ਤੋਂ ਤੁਰੰਤ ਬਾਅਦ ਹੀ ਪੁਲਿਸ ਤੇ ਪ੍ਰਸਾਸਨ ’ਤੇ ਅਧਾਰਿਤ ਵੱਡੀ ਗਿਣਤੀ ਟੀਮਾਂ ਵੱਲੋਂ ਅਹਿਤਿਆਤ ਵਜੋਂ ਪਿੰਡ ਗੁੱਜਰਾਂ, ਢੰਡੋਲੀ ਖੁਰਦ, ਜਖੇਪਾਲਵਾਸ ਤੇ ਟਿੱਬੀ ਰਵੀਦਾਸਪੁਰਾ ਵਿਖੇ ਘਰ ਘਰ ਜਾ ਕੇ ਸਰਵੇਖਣ ਆਰੰਭ ਕਰ ਦਿੱਤਾ ਗਿਆ ਸੀ ਜੋ ਹੁਣ ਵੀ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਵੇਖਣ ਦਾ ਪਹਿਲਾ ਰਾਊਂਡ ਮੁਕੰਮਲ ਹੋਣ ਤੋਂ ਬਾਅਦ ਦੂਜਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵਿੱਚ ਅਜਿਹੀ ਸ਼ਰਾਬ ਪੀਣ ਤੋਂ ਬਾਅਦ ਮੁਢਲੇ ਤੌਰ ’ਤੇ ਕੋਈ ਲੱਛਣ ਸਾਹਮਣੇ ਆ ਰਹੇ ਹਨ ਤਾਂ ਉਹ ਲਾਜ਼ਮੀ ਤੌਰ ’ਤੇ ਮੈਡੀਕਲ ਸੇਵਾਵਾਂ ਦਾ ਲਾਭ ਲਵੇ। ਉਨ੍ਹਾਂ ਕਿਹਾ ਕਿ ਹਾਈ ਪਾਵਰ ਕਮੇਟੀ ਵੱਲੋਂ ਆਪਣੀ ਜਾਂਚ ਰਿਪੋਰਟ ਸਮੇਂ ਸਿਰ ਸੌਂਪੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਮੁਕੰਮਲ ਠੱਲ੍ਹ ਪਾਉਣ ਲਈ ਵੀ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।
ਇਸ ਮੌਕੇ ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਕੋਲ ਘਰਾਂ ਵਿੱਚ ਅਤੇ ਸ਼ਮਸ਼ਾਨਘਾਟ ਵਿਖੇ ਜਾ ਕੇ ਪਰਿਵਾਰਾਂ ਨਾਲ ਦੁੱਖ ਵੰਡਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ.ਡੀ.ਐਮ ਰਾਜੇਸ਼ ਸ਼ਰਮਾ, ਐੱਸ.ਪੀ ਪਲਵਿੰਦਰ ਸਿੰਘ ਚੀਮਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here