ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ 

0
68
ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਨਾਮਜ਼ਦਗੀ ਪੱਤਰਾਂ ਨੂੰ ਭਰਨ ਸਮੇਤ ਚੋਣ ਕਮਿਸ਼ਨ ਦੇ ਹੋਰ ਦਿਸ਼ਾ ਨਿਰਦੇਸ਼ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ
ਸੰਗਰੂਰ, 26 ਅਪ੍ਰੈਲ, 2024:
ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੁਆਰਾ ਭਰੇ ਜਾਣ ਵਾਲੇ ਨਾਮਜ਼ਦਗੀ ਪੱਤਰਾਂ ਅਤੇ ਖਰਚਿਆਂ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਨੇ ਨੁਮਾਇੰਦਿਆਂ ਨੂੰ ਨਾਮਜ਼ਦਗੀ ਪੱਤਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਜਟ ਨੋਟੀਫਿਕੇਸ਼ਨ 7 ਮਈ ਨੂੰ ਜਾਰੀ ਹੋਵੇਗਾ ਜਿਸ ਤੋਂ ਬਾਅਦ 14 ਮਈ ਤੱਕ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਕਾਗਜ਼ਾਂ ਦੀ ਪੜ੍ਹਤਾਲ 15 ਮਈ ਨੁੂੰ ਹੋਵੇਗੀ ਜਦਕਿ ਉਮੀਦਵਾਰ 17 ਮਈ ਤੱਕ ਕਾਗਜ਼ ਵਾਪਸ ਲੈ ਸਕਣਗੇ।
ਉਨ੍ਹਾਂ ਦੱਸਿਆ ਕਿ ਨਾਮਜਦਗੀ ਪੱਤਰ ਰਿਟਰਨਿੰਗ ਅਫਸਰ ਜਾਂ ਰਿਟਰਨਿੰਗ ਅਫਸਰ ਵੱਲੋਂ ਅਧਿਕਾਰਤ ਕਿਸੇ ਸਹਾਇਕ ਰਿਟਰਨਿੰਗ ਅਫਸਰ ਕੋਲ ਨਿਰਧਾਰਤ ਸਥਾਨ ਉਤੇ ਅਤੇ ਪਬਲਿਕ ਨੋਟਿਸ ਦੀ ਮਿਤੀ ਤੋਂ ਨਾਮਜਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਤੱਕ (ਛੁੱਟੀ ਵਾਲੇ ਦਿਨ ਨੂੰ ਛਡ ਕੇ) ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ, ਜਿਸ ਨੂੰ ਕੇਂਦਰ ਸਰਕਾਰ ਜਾਂ ਕਿਸੇ ਰਾਜ ਸਰਕਾਰ ਦੀ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ, ਬਰਖਾਸਤ ਕੀਤੇ ਜਾਣ ਦੇ ਪੰਜ ਸਾਲ ਦੇ ਅੰਦਰ ਅੰਦਰ ਚੋਣ ਲੜਨਾ ਚਾਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਪਹਿਲਾਂ ਕਮਿਸ਼ਨ ਨੂੰ ਸੂਚਿਤ ਕਰ ਕੇ ਇੱਕ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਕਿ ਉਸ ਦੀ ਬਰਖਾਸਤਗੀ ਭ੍ਰਿਸ਼ਟਾਚਾਰ ਅਤੇ ਦੇਸ਼ ਨਾਲ ਵਿਸ਼ਵਾਸਘਾਤ ਕਾਰਨ ਨਹੀਂ ਹੋਈ ਹੈ ਅਤੇ ਇਹ ਸਰਟੀਫਿਕੇਟ ਨਾਮਜਦਗੀ ਪੱਤਰ (ਆਰ.ਪੀ.ਐਕਟ 1951 ਦੀ ਧਾਰਾ 33(3) ਦੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਭਾਰਤ ਚੋਣ ਕਮਿਸ਼ਨ ਦੇ  ਸੁਵਿਧਾ ਪੋਰਟਲ (https://suvidha.eci.gov.in) ਤੇ ਆਨਲਾਈਨ ਭਰੇ ਜਾ ਸਕਦੇ ਹਨ। ਉਮੀਦਵਾਰ ਵੱਲੋਂ ਸਕਿਊਰਿਟੀ ਫੀਸ ਵੀ ਆਨਲਾਈਨ ਭਰੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਫਿਜੀਕਲ ਤੌਰ ਤੇ ਜਮ੍ਹਾ ਕਰਵਾਉਣ ਲਈ ਤਿੰਨ ਤਰੀਕਾਂ ਦੀ ਆਪਸ਼ਨ ਵੀ ਦਿੱਤੀ ਜਾ ਸਕਦੀ ਹੈ। ਆਨਲਾਈਨ ਭਰਿਆ ਗਿਆ ਫਾਰਮ ਫਿਜੀਕਲ ਤੌਰ ਤੇ ਵੀ ਰਿਟਰਨਿੰਗ ਅਫਸਰ ਕੋਲ ਕਿਸੇ ਵੀ ਨਾਮਜਦਗੀ ਵਾਲੇ ਦਿਨ ਜਮ੍ਹਾ ਕਰਵਾਉਣਾ ਲਾਜਮੀ ਹੈ। ਉਨ੍ਹਾਂ ਦੱਸਿਆ ਕਿ ਨਾਮਜਦਗੀ ਹਾਲ ਦੇ 100 ਮੀਟਰ ਦੇ ਘੇਰੇ ਦੇ ਵਿੱਚ ਵਿੱਚ ਸਿਰਫ ਤਿੰਨ ਵਾਹਨਾਂ ਅਤੇ ਉਮੀਦਵਾਰ ਸਮੇਤ ਸਿਰਫ ਪੰਜ ਵਿਅਕਤੀਆਂ ਦੇ ਆਉਣ ਦੀ ਹੀ ਪ੍ਰਵਾਨਗੀ ਹੋਵੇਗੀ। ਉਨ੍ਹਾਂ ਕਿਹਾ ਕਿ ਨਾਮਜਦਗੀ ਪੱਤਰ ਉਮੀਦਵਾਰ ਜਾਂ ਉਸ ਦੇ ਕਿਸੇ ਵੀ ਪ੍ਰਪੋਜਲ ਵੱਲੋਂ ਦਾਖਲ ਕੀਤਾ ਜਾ ਸਕਦਾ ਹੈ। ਇੱਕ ਉਮੀਦਵਾਰ ਵੱਧ ਤੋਂ ਵੱਧ ਚਾਰ ਨਾਮਜਦਗੀ ਕਾਗਜ ਭਰ ਸਕਦਾ ਹੈ। ਕੋਈ ਵੀ ਉਮੀਦਵਾਰ ਵੱਧ ਤੋਂ ਵੱਧ ਦੋ ਹਲਕਿਆ ਤੋਂ ਹੀ ਨਾਮਜਦਗੀ ਕਾਗਜ ਭਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਮੀਦਵਾਰ ਵੱਲੋਂ ਨਾਮਜਦਗੀ ਕਾਗਜ ਦਾਖਲ ਕਰਨ ਤੋਂ ਘੱਟੋ ਘੱਟ ਇੱਕ ਦਿਨ ਪਹਿਲਾਂ ਦੇ ਖੁਲਵਾਏ ਹੋਏ ਖਾਤੇ ਦੇ ਵੇਰਵੇ  ਨਾਮਜਦਗੀ ਪੱਤਰ ਦਾਇਰ ਕਰਨ ਵੇਲੇ ਦੇਣੇ ਯਕੀਨੀ ਬਣਾਏ ਜਾਣ। ਉਮੀਦਵਾਰ ਵੱਲੋਂ ਚੋਣਾਂ ਸਬੰਧੀ ਸਾਰਾ ਖਰਚਾ ਇਸ ਬੈਂਕ ਖਾਤੇ ਰਾਹੀਂ ਹੀ ਕੀਤਾ ਜਾਵੇ। ਇਹ ਖਾਤਾ ਉਮੀਦਵਾਰ ਵੱਲੋਂ ਸਿਰਫ ਆਪਣੇ ਨਾਮ ਜਾਂ ਆਪਣੇ ਇਲੈਕਸ਼ਨ ਏਜੈਂਟ ਨਾਲ ਸਾਂਝਾ ਖੁਲਵਾਇਆ ਜਾ ਸਕਦਾ ਹੈ। ਬੈਂਕ ਖਾਤਾ ਪਰਵਾਰਿਕ ਮੈਂਬਰ ਜੋ ਉਸ ਦਾ ਚੋਣ ਏਜਂਟ ਨਾ ਹੋਵੇ, ਨਾਲ ਸਾਂਝਾ ਨਾ ਖੁਲਵਾਇਆ ਜਾਵੇ। ਉਮੀਦਵਾਰ/ਉਸ ਦੇ ਚੋਣ ਏਜੈਂਟ/ਉਸ ਦੇ ਹਿਮਾਇਤੀਆਂ ਵੱਲੋਂ 50,000 ਤੋਂ ਉੱਪਰ ਨਕਦੀ ਨਾਲ ਨਾ ਲੈ ਕੇ ਚੱਲੀ ਜਾਵੇ ਅਤੇ 10,000 ਰੁਪਏ ਤੋਂ ਉੱਪਰ ਦਾ ਕੋਈ ਵੀ ਖਰਚਾ ਨਕਦ ਨਾ ਕੀਤਾ ਜਾਵੇ। ਇਸ ਸਬੰਧੀ ਵੱਖ-ਵੱਖ ਹਦਾਇਤਾਂ ਬਾਰੇ ਸਾਰੇ ਹੀ ਨੁਮਾਇੰਦਿਆਂ ਨੂੰ ਵਿਸਥਾਰ ਵਿੱਚ ਦੱਸਿਆ ਗਿਆ ਅਤੇ ਕਿਸੇ ਵੀ ਜਾਣਕਾਰੀ ਸਬੰਧੀ ਜਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਡੀਸੀਐਫਏ ਅਸ਼ਵਨੀ ਕੁਮਾਰ, ਤਹਿਸੀਲਦਾਰ ਚੋਣਾਂ ਪਰਮਜੀਤ ਕੌਰ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

LEAVE A REPLY

Please enter your comment!
Please enter your name here