ਐਲਕ ਗਰੋਵ ਪਾਰਕ ਤੀਆਂ ’ਚ ਹੋਇਆ ਰਿਕਾਰਡਤੋੜ ਇਕੱਠ ਹਜ਼ਾਰਾਂ ਦੀ ਗਿਣਤੀ ’ਚ ਬੀਬੀਆਂ ਨੇ ਕੀਤੀ ਸ਼ਮੂਲੀਅਤ

0
362
ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 15ਵਾਂ ਸਾਲਾਨਾ ਤੀਆਂ ਦਾ ਮੇਲਾ ‘ਤੀਆਂ ਤੀਜ ਦੀਆਂ’ ਐਲਕ ਗਰੋਵ ਰਿਜਨਲ ਪਾਰਕ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਇਨ੍ਹਾਂ ਤੀਆਂ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ। ਪ੍ਰਬੰਧਕਾਂ ਵੱਲੋਂ ਸਟੇਜ ਨੂੰ ਚਰਖੇ, ਪੱਖੀਆਂ, ਛੱਜ, ਢੋਲ, ਫੁਲਕਾਰੀਆਂ, ਬਾਜ, ਮੰਜੇ, ਦਰੀਆਂ, ਗਾਗਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੱਭਿਆਚਾਰਕ ਵਸਤੂਆਂ ਨਾਲ ਸਜਾਇਆ ਗਿਆ ਸੀ। ਐਲਕ ਗਰੋਵ ਪਾਰਕ ਦੇ ਖੁੱਲ੍ਹੇ ਮੈਦਾਨ ਵਿਚ ਦਰੱਖਤਾਂ ਦੀ ਛਾਂ ਹੇਠ ਲੱਗੀਆਂ ਇਨ੍ਹਾਂ ਤੀਆਂ ਵਿਚ ਬੀਬੀਆਂ ਰੰਗ-ਬਿਰੰਗੀਆਂ ਪੌਸ਼ਾਕਾਂ ਪਾ ਕੇ ਪਹੁੰਚੀਆਂ। ਇਨ੍ਹਾਂ ਤੀਆਂ ਦੇ ਮੇਲੇ ਵਿਚ 52 ਬੂਥ ਲੱਗੇ ਹੋਏ ਸਨ, ਜਿੱਥੋਂ ਬੀਬੀਆਂ ਨੇ ਕੱਪੜੇ, ਪੰਜਾਬੀ ਜੁੱਤੀਆਂ, ਗਹਿਣੇ, ਪਰਾਂਦੇ, ਫੁਲਕਾਰੀਆਂ ਆਦਿ ਦੀ ਖਰੀਦੋ-ਫਰੋਖਤ ਕੀਤੀ। ਖਾਣ-ਪੀਣ ਦੇ ਸਟਾਲਾਂ ’ਤੇ ਵੀ ਬੀਬੀਆਂ ਦੀਆਂ ਲੰਮੀਆਂ ਲਾਇਨਾਂ ਦੇਖਣ ਨੂੰ ਮਿਲੀਆਂ। ਪੰਜਾਬ ਵਾਂਗ ਇਥੇ ਦਰੱਖਤਾਂ ’ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਇਕ ਵੱਖਰਾ ਨਜ਼ਾਰਾ ਪੇਸ਼ ਕਰ ਰਹੀਆਂ ਸਨ।
ਸਮਾਗਮ ਦੀ ਸ਼ੁਰੂਆਤ ਵਿਚ ਇਨ੍ਹਾਂ ਤੀਆਂ ਦੀ ਆਰਗੇਨਾਈਜ਼ਰ ਪਿੰਕੀ ਰੰਧਾਵਾ ਨੇ ਸਮੂਹ ਆਏ ਹੋਏ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਤੋਂ ਬਾਅਦ ਬੀਬੀਆਂ ਨੇ ਸਟੇਜ ਤੋਂ ਸੁਹਾਗ, ਘੋੜੀਆਂ, ਟੱਪੇ ਆਦਿ ਗਾ ਕੇ ਤੀਆਂ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਗਿੱਧਾ, ਬੋਲੀਆਂ, ਗੀਤ-ਸੰਗੀਤ, ਸਕਿੱਟਾਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਗਈਆਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਤਬੀਰ ਸਿੰਘ ਬਾਜਵਾ ਅਤੇ ਪਰਮਜੀਤ ਕੌਰ ਬਾਜਵਾ ਵੱਲੋਂ ਛਬੀਲ ਦੀ ਸੇਵਾ ਕੀਤੀ ਗਈ।
ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਨੇ ਸਿਟੀ ਵੱਲੋਂ ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਨੂੰ ਰੈਕੋਗਨੀਸ਼ਨ ਸਰਟੀਫਿਕੇਟ ਭੇਂਟ ਕੀਤਾ। ਹੋਰਨਾਂ ਅਮਰੀਕੀਆਂ ਆਗੂਆਂ ਵਿਚ ਡਿਸਟਿ੍ਰਕ ਅਟਾਰਨੀ ਥੀਨ ਹੋ, ਸੈਕਰਾਮੈਂਟੋ ਦੀ ਵਾਈਸ ਮੇਅਰ ਐਂਜਲੀਕ ਐਸ਼ਬੀ, ਕੌਂਸਲ ਮੈਂਬਰ ਕੈਵਿਨ ਸਪੀਸ, ਕੌਂਸਲ ਮੈਂਬਰ ਪੈਟ ਹਿਊਮ, ਸੀ.ਐੱਸ.ਡੀ. ਡਾਇਰੈਕਟਰ ਰਾਡ ਬਰਿਊਅਰ, ਐਂਜਿਲਾ ਸਪੀਸ, ਲੀਸਾ ਕੈਪਲੀਨ ਅਤੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਇਨ੍ਹਾਂ ਤੀਆਂ ਵਿਚ ਆਪਣੀ ਹਾਜ਼ਰੀ ਲਵਾਉਣ ਲਈ ਪਹੁੰਚੇ।
ਇਸ ਵਾਰ 150 ਤੋਂ ਵੱਧ ਕਲਾਕਾਰਾਂ ਨੇ ਸਟੇਜ ਤੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸੰਸਥਾ ਵੱਲੋਂ ਇਨ੍ਹਾਂ ਕਲਾਕਾਰਾਂ ਨੂੰ ਸੱਭਿਆਚਾਰਕ ਵਸਤੂਆਂ ਫੁਲਕਾਰੀਆਂ, ਗਹਿਣੇ ਅਤੇ ਪਰਾਂਦੀਆਂ ਆਦਿ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਉੱਘੇ ਲੋਕ ਗਾਇਕ ਮਰਹੂਮ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਵੱਲੋਂ ਕੀਤੀ ਗਈ ਅਤੇ ਸੈਟੀ ਰਾਏ ਨੇ ਉਸ ਦਾ ਬਾਖੂਬੀ ਸਾਥ ਦਿੱਤਾ। ਇਸ ਮੌਕੇ ਰੈਫਰਲ ਇਨਾਮ ਕੱਢੇ ਗਏ। ਖਾਦਮ ਜਿਊਲਰਜ਼ ਸੈਕਰਾਮੈਂਟੋ ਵੱਲੋਂ 7 ਸੋਨੇ ਦੇ ਇਨਾਮ, ਬੱਗਾ ਜਿਊਲਰਜ਼, ਸ਼ਰੀਫ ਜਿਊਲਰਜ਼ ਅਤੇ ਪਰਮ ਤੱਖਰ ਵੱਲੋਂ 1-1 ਸੋਨੇ ਦੇ ਇਨਾਮ ਰੈਫਰਲ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ., ਗੁਰਜਤਿੰਦਰ ਸਿੰਘ ਰੰਧਾਵਾ ਅਤੇ ਇੰਡੀਆ ਸਪਾਇਸ ਐਂਡ ਮਿਊਜ਼ਿਕ ਐਲਕ ਗਰੋਵ ਵੱਲੋਂ ਵੀ ਦਿਲਖਿੱਚਵੇਂ ਰੈਫਰਲ ਇਨਾਮ ਸਪਾਂਸਰ ਕੀਤੇ ਗਏ। ਕੁੱਲ ਮਿਲਾ ਕੇ ਤੀਆਂ ਦਾ ਇਹ ਮੇਲਾ ਇਕ ਵਾਰ ਫਿਰ ਆਪਣੀ ਅਮਿੱਟ ਛਾਪ ਛੱਡ ਗਿਆ।

LEAVE A REPLY

Please enter your comment!
Please enter your name here