ਸਰਦੂਲਗੜ੍ਹ/ਮਾਨਸਾ, 01 ਅਕਤੂਬਰ: ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜ ਕੇ ਇਸ ਦਾ ਯੋਗ ਪ੍ਰਬੰਧਨ ਕਰਨ ਲਈ ਚਲਾਈ ਗਈ ਵਿਸ਼ੇਸ਼ ਜਾਗਰੁਕਤਾ ਮੁਹਿੰਮ ਤਹਿਤ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਨੇ ਪਿੰਡ ਫੱਤਾ ਮਾਲੋਕਾ, ਝੰਡੂਕੇ ਅਤੇ ਝੁਨੀਰ ਵਿਖੇ ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ। ਐਸ.ਡੀ.ਐਮ. ਸ੍ਰੀ ਨਿਤੇਸ਼ ਕੁਮਾਰ ਜੈਨ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਸਭ ਤੋਂ ਵੱਧ ਨੁਕਸਾਨ ਕਿਸਾਨ ਦੀ ਸਿਹਤ ਅਤੇ ਉਸ ਦੀ ਜ਼ਮੀਨ ਦਾ ਹੁੰਦਾ ਹੈ। ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਚੰਗੀ ਫਸਲ ਲਈ ਜ਼ਮੀਨ ਵਿਚ ਲੋੜੀਂਦੇ ਜ਼ਰੂਰੀ ਤੱਤ ਮਰ ਜਾਂਦੇ ਹਨ, ਜਿਸ ਦਾ ਫਸਲ ਦੇ ਝਾੜ ’ਤੇ ਸਿੱਧਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨਾ ਸਾੜ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਇਸ ਦਾ ਯੋਗ ਪ੍ਰਬੰਧਨ ਕਰਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀ ਲੋੜੀਂਦੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸ੍ਰੀ ਨਿਤੇਸ਼ ਕੁਮਾਰ ਜੈਨ ਨੇ ਕਿਹਾ ਕਿ ਸਾਡੇ ਰਹਿਣ ਯੋਗ ਅਨੁਕੂਲ ਵਾਤਾਵਰਣ ਅਤੇ ਸਾਡੀ ਤੰਦਰੁਸਤ ਸਿਹਤ ਲਈ ਕੁਦਰਤ ਦੀ ਸਾਂਭ ਸੰਭਾਲ ਕਰਨਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਇਕ ਨਾਗਰਿਕ ਨੂੰ ਵਾਤਾਵਰਣ ਅਤੇ ਕੁਦਰਤ ਦੀ ਸੁਰੱਖਿਆ ਲਈ ਨਿਰਸਵਾਰਥ ਲੋੜੀਂਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ ਵਾਤਾਵਰਣ ਸਿਰਜਿਆ ਜਾ ਸਕੇ।
ਇਸ ਦੌਰਾਨ ਡੀ.ਐਸ.ਪੀ. ਸਰਦੂਲਗੜ੍ਹ ਸ੍ਰ. ਮਨਜੀਤ ਸਿੰਘ ਨੇ ਦੱਸਿਆ ਕਿ ਫਸਲ ਦੀ ਰਹਿੰਦ ਖੂੰਹਦ ਖੂੰਹਦ ਨੂੰ ਸਾੜਨ ’ਤੇ ਜ਼ੁਰਮਾਨੇ ਤੋਂ ਇਲਾਵਾ ਜ਼ਮੀਨੀ ਰਿਕਾਰਡ ਵਿਚ ਰੈੱਡ ਐਂਟਰੀ ਕਰਨ ਦਾ ਕਾਨੂੰਨ ਹੈ। ਇਸ ਲਈ ਹਰ ਕਿਸਾਨ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਪੱਖੀ ਹੋਣ ਦਾ ਸੁਨੇਹਾ ਦੇਣ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ।
ਇਸ ਮੌਕੇ ਐਸ.ਐਚ.ਓ. ਝੁਨੀਰ ਬਲਦੇਵ ਸਿੰਘ, ਬੀ.ਡੀ.ਪੀ.ਓ. ਝੁਨੀਰ ਕੁਸਮ ਅੱਗਰਵਾਲ, ਖੇਤੀਬਾੜੀ ਵਿਭਾਗ ਤੋਂ ਗੁਰਜਿੰਦਰ ਸਿੰਘ ਤੋਂ ਇਲਾਵਾ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ।
Boota Singh Basi
President & Chief Editor